ਰਾਜਸਥਾਨ: ਰਾਜਸਥਾਨ ਦੇ ਚੁਰੂ ਸ਼ਹਿਰ ਵਿਚ ਗਰਮੀ ਨੇ ਕਹਿਰ ਢਾਹਿਆ ਹੋਇਆ ਹੈ। ਉੱਥੇ ਗਰਮੀ ਇੰਨੀ ਜ਼ਿਆਦਾ ਵਧ ਗਈ ਹੈ ਕਿ ਲੋਕਾਂ ਦਾ ਜੀਣਾ ਮੁਸ਼ਕਿਲ ਹੋਇਆ ਪਿਆ ਹੈ। ਚੁਰੂ ਸ਼ਹਿਰ ਦਾ ਤਾਪਮਾਨ ਇਹਨਾਂ ਦਿਨਾਂ ਵਿਚ 50 ਡਿਗਰੀ ਤੋਂ ਵੀ ਉਪਰ ਚਲ ਰਿਹਾ ਹੈ। ਲੋਕਾਂ ਨੇ ਅਪਣੇ ਕੰਮ ਦੇ ਘੰਟੇ ਵੀ ਮੌਸਮ ਮੁਤਾਬਕ ਤੈਅ ਕਰ ਲਏ ਹਨ। ਇਥੇ ਦਿਨ ਵੀ ਤੰਦੂਰ ਵਾਂਗ ਤਪ ਰਹੇ ਹਨ ਤੇ ਰਾਤ ਵੀ। ਬੀਤੇ ਸ਼ਨੀਵਾਰ ਨੂੰ ਇਹ ਤਾਪਮਾਨ 50.3 ਡਿਗਰੀ ਤਕ ਪਹੁੰਚ ਗਿਆ ਸੀ।
ਇਹ ਖੇਤਰ ਦੁਨੀਆ ਦਾ ਸਭ ਤੋਂ ਗਰਮ ਖੇਤਰ ਬਣ ਚੁੱਕਿਆ ਹੈ। ਗਰਮੀ ਦਾ ਕਹਿਰ ਇਕ ਹਫ਼ਤੇ ਤੋਂ ਉਪਰ ਚਲ ਰਿਹਾ ਹੈ। ਗਰਮੀ ਦੌਰਾਨ ਲੋਕਾਂ ਨੇ ਅਪਣੇ ਖਾਣ ਪੀਣ, ਜੀਵਨ ਵਿਚ ਵੀ ਕੁਝ ਪਰਿਵਰਤਨ ਕੀਤੇ ਹਨ। ਚੁਰੂ ਦੀ ਹਾਉਸਿੰਗ ਬੋਰਡ ਕਲੋਨੀ ਵਿਚ ਰਹਿਣ ਵਾਲੇ ਰਿਟਾਇਰਡ ਸਰਕਾਰੀ ਕਰਮਚਾਰੀ ਰਾਧੇ ਸ਼ਰਮਾ ਨੇ ਦਸਿਆ ਕਿ ਬਿਜਲੀ ਦੇ ਕੱਟ ਲੱਗਣ ਕਾਰਨ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਿਜਲੀ ਦਾ ਕੱਟ 4 ਵਜੇ ਲਗਦਾ ਹੈ ਜਦੋਂ ਪਾਰਾ 35 ਡਿਗਰੀ ਦੇ ਕਰੀਬ ਹੁੰਦਾ ਹੈ। ਆਮ ਤੌਰ 'ਤੇ ਇਥੋਂ ਦੇ ਲੋਕ ਸਵੇਰੇ ਹੀ 10 ਕਿਲੋ ਬਰਫ਼ ਦੀ ਖਰੀਦਦਾਰੀ ਕਰ ਲੈਂਦੇ ਹਨ ਅਤੇ ਉਸ ਨੂੰ ਅਪਣੇ ਵਾਟਰ ਟੈਂਕਾਂ ਅਤੇ ਕੂਲਰਾਂ ਵਿਚ ਪਾ ਲੈਂਦੇ ਹਨ ਤਾਂ ਕਿ ਗਰਮੀ ਤੋਂ ਰਾਹਤ ਮਿਲ ਸਕੇ। ਗਰਮੀ ਕਾਰਨ ਚੁਰੂ ਜ਼ਿਲ੍ਹੇ ਵਿਚ ਵਾਮਟਿੰਗ, ਡਾਇਰੀਆ, ਲੂ ਅਤੇ ਸਿਕਨ ਸਬੰਧੀ ਬਿਮਾਰੀਆਂ ਵਧ ਗਈਆਂ ਹਨ। ਕਈ ਲੋਕ ਬਿਮਾਰ ਵੀ ਹੋ ਗਏ ਹਨ।
ਸਿਹਤ ਵਿਭਾਗ ਨੇ ਪੂਰੇ ਜ਼ਿਲ੍ਹੇ ਨੂੰ ਹੀ ਹਾਈ ਅਲਰਟ 'ਤੇ ਰੱਖਿਆ ਹੈ ਅਤੇ ਡਾਕਟਰਾਂ ਦੀਆਂ ਛੁੱਟੀਆਂ ਵੀ ਕੈਂਸਲ ਕਰ ਦਿੱਤੀਆਂ ਹਨ। ਗਰਮੀ ਕਾਰਨ ਮੌਨਸੂਨ ਦੇ ਦੋ ਦਿਨ ਹੋਰ ਦੇਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਹੁਣ 8 ਜੂਨ ਨੂੰ ਮੌਨਸੂਨ ਦੇ ਕੇਰਲ ਦੇ ਤਟ 'ਤੇ ਪਹੁੰਚਣ ਦੀ ਸੰਭਾਵਨਾ ਹੈ। ਆਮ ਤੌਰ 'ਤੇ 1 ਜੂਨ ਤਕ ਕੇਰਲ ਵਿਚ ਮੌਨਸੂਨ ਦਸਤਕ ਦੇ ਦਿੰਦਾ ਹੈ।
ਮੌਨਸੂਨ ਵਿਚ ਦੇਰੀ ਤੋਂ ਸਾਫ਼ ਹੈ ਕਿ ਦੱਖਣ ਭਾਰਤ, ਪੱਛਮ ਭਾਰਤ ਸਮੇਤ ਮੱਧ ਪ੍ਰਦੇਸ਼ ਅਤੇ ਉਤਰ ਭਾਰਤ ਵਿਚ ਵੀ ਬਾਰਿਸ਼ ਵਿਚ ਦੇਰੀ ਹੋ ਸਕਦੀ ਹੈ। ਇਸ ਨਾਲ ਜੂਨ ਦੇ ਮਹੀਨੇ ਬਾਰਿਸ਼ ਵਿਚ ਕਮੀ ਆ ਸਕਦੀ ਹੈ। ਇਸ ਦੌਰਾਨ ਰਾਜਧਾਨੀ ਦਿੱਲੀ ਅਤੇ ਨੇੜੇ ਤੇੜੇ ਦੇ ਇਲਾਕਿਆਂ ਵਿਚ ਵੀਰਵਾਰ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਹਵਾ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ।