ਪਖਾਨੇ ਦੀਆਂ ਕੰਧਾਂ 'ਤੇ ਲਗਾਈਆਂ ਮਹਾਤਮਾ ਗਾਂਧੀ ਦੀਆਂ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂ.ਪੀ. ਸਰਕਾਰ ਦਾ ਸ਼ਰਮਨਾਕ ਕਾਰਾ

UP: Tiles with Mahatma Gandhi’s image found installed in toilets

ਬੁਲੰਦਸ਼ਹਿਰ : ਸਾਫ਼-ਸਫ਼ਾਈ ਬਾਰੇ ਜਾਗਰੂਕਤਾ ਫ਼ੈਲਾਉਣ ਲਈ ਪੂਰੇ ਦੇਸ਼ 'ਚ ਸਵੱਛ ਭਾਰਤ ਮੁਹਿੰਮ ਚਲਾਈ ਜਾ ਰਹੀ ਹੈ। ਸਾਲ 2014 'ਚ ਮਹਾਤਮਾ ਗਾਂਧੀ ਦੀ ਜਨਮ ਸ਼ਤਾਬਦੀ ਮੌਕੇ ਪੂਰੇ ਦੇਸ਼ 'ਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਪਰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਇਕ ਘਟਨਾ ਨੇ ਇਸ ਮੁਹਿੰਮ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ ਅਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜੇ ਕਰ ਦਿੱਤੇ ਹਨ। 

ਦਰਅਸਲ ਬੁਲੰਦਸ਼ਹਿਰ ਦੇ ਇੱਛਾਵਰੀ ਪਿੰਡ 'ਚ ਸਵੱਛ ਭਾਰਤ ਮੁਹਿੰਮ ਤਹਿਤ ਬਣਾਏ ਜਾ ਰਹੇ ਪਖਾਨਿਆਂ 'ਚ ਲੱਗਣ ਵਾਲੀਆਂ ਟਾਈਲਾਂ 'ਤੇ ਰਾਸ਼ਟਰੀ ਚਿੰਨ੍ਹ ਅਤੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਹ ਮਾਮਲਾ ਉਦੋਂ ਸੁਰਖੀਆਂ 'ਚ ਆਇਆ ਜਦੋਂ ਇਕ ਪਖਾਨੇ ਅੰਦਰ ਦੀਆਂ ਕੰਧਾਂ 'ਤੇ ਲੱਗੀਆਂ ਇਨ੍ਹਾਂ ਟਾਈਲਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋਈ।

ਜਾਣਕਾਰੀ ਮੁਤਾਬਕ ਇੱਛਾਵਰੀ ਪਿੰਡ ਦੀ ਪ੍ਰਧਾਨ ਸਾਵਿਤਰੀ ਦੇਵੀ ਦੇ ਹੁਕਮਾਂ ਤੋਂ ਬਾਅਦ ਹੀ ਇਨ੍ਹਾਂ ਟਾਈਲਾਂ 'ਤੇ ਮਹਾਤਮਾ ਗਾਂਧੀ ਅਤੇ ਕੌਮੀ ਚਿੰਨ੍ਹ ਦੀ ਵਰਤੋਂ ਕੀਤੀ ਗਈ ਸੀ। ਇਕ ਪਿੰਡ ਵਾਸੀ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਉਸ ਨੂੰ ਕਿਹਾ ਗਿਆ ਕਿ ਇਹ ਸੀਨੀਅਰ ਅਧਿਕਾਰੀਆਂ ਦਾ ਆਦੇਸ਼ ਹੈ। ਵੀਡੀਓ ਕਲਿਪ ਅਤੇ ਤਸਵੀਰਾਂ ਵਾਈਰਲ ਹੋਣ ਤੋਂ ਬਾਅਦ ਪ੍ਰਧਾਨ ਨੂੰ ਨੋਟਿਸ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਪੇਂਡੂ ਵਿਕਾਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ 'ਚ ਬਣੇ 13 ਪਖਾਨਿਆਂ ਦੀਆਂ ਕੰਧਾਂ 'ਤੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਅਤੇ ਅਸ਼ੋਕ ਚੱਕਰ ਵਾਲੀਆਂ ਟਾਈਲਾਂ ਲਗਾਈਆਂ ਗਈਆਂ ਹਨ। ਜਾਂਚ ਅਧਿਕਾਰੀਆਂ ਨੂੰ ਮਾਮਲੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।