ਸ਼ਰਮਨਾਕ : ਨਵਜਨਮੀ ਨੂੰ ਕੁੱਤਿਆਂ ਅੱਗੇ ਸੁੱਟ ਮਾਂ ਨੇ ਮਰਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਂ ਵਲੋਂ ਲਾਵਾਰਿਸ ਹਾਲਤ ਵਿਚ ਸੁੱਟੀ ਨਵਜੰਮੀ ਧੀ ਨੂੰ ਖੂੰਖਾਰ ਕੁੱਤਿਆਂ ਨੇ ਨੋਚ ਖਾ ਲਿਆ

Crime

ਸਮਰਾਲਾ : ਸਮਰਾਲਾ ਤੋਂ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਕਲਯੁਗੀ ਮਾਂ ਵਲੋਂ ਲਾਵਾਰਿਸ ਹਾਲਤ ਵਿਚ ਸੁੱਟੀ ਨਵਜੰਮੀ ਧੀ ਨੂੰ ਖੂੰਖਾਰ ਕੁੱਤਿਆਂ ਨੇ ਨੋਚ ਖਾ ਲਿਆ। ਸ਼ਹਿਰ ਦੇ ਕੁਝ ਨੌਜਵਾਨਾਂ ਨੇ ਬੜੀ ਮੁਸ਼ਕਿਲ ਨਾਲ ਕੁੱਤਿਆਂ ਦੇ ਮੂੰਹ ਵਿਚੋਂ ਬੱਚੀ ਦੀ ਲਾਸ਼ ਨੂੰ ਛੁਡਵਾਇਆ। ਜਾਣਕਾਰੀ ਮੁਤਾਬਕ ਅੱਜ ਦੁਪਹਿਰ ਵੇਲੇ ਸਮਰਾਲਾ ਦੇ ਮਿੰਨੀ ਬਾਈਪਾਸ ’ਤੇ ਕੁੱਤਿਆਂ ਦਾ ਝੁੰਡ ਇਕ ਨਵਜੰਮੇ ਬੱਚੇ ਨੂੰ ਮੂੰਹ ਵਿਚ ਚੁੱਕੀ ਸੜਕ ਉਪਰ ਘੁੰਮ ਰਿਹਾ ਸੀ।

ਇਸ ਦੌਰਾਨ ਐਸ.ਐਸ. ਬੂਟੀਕ ਦੇ ਮਾਲਕ ਸਤਿੰਦਰ ਸਿੰਘ ਰਿੰਕੂ ਅਤੇ ਵਿਸ਼ਵਜੀਤ ਸਿੰਘ ਨੇ ਕੁੱਤਿਆਂ ਤੋਂ ਬੱਚੀ ਨੂੰ ਛੁਡਵਾ ਕੇ ਪੁਲਿਸ ਨੂੰ ਇਸ ਦੀ ਸੂਚਨਾ ਦਿਤੀ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਡੀ.ਐਸ.ਪੀ. ਦਵਿੰਦਰ ਸਿੰਘ ਨੇ ਥਾਣਾ ਮੁਖੀ ਸੁਖਵੀਰ ਸਿੰਘ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਦੱਸਿਆ ਕਿ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਨਵਜੰਮੀ ਬੱਚੀ ਨੇ ਅੱਜ ਹੀ ਜਨਮ ਲਿਆ ਹੋਵੇ।

ਉਨ੍ਹਾਂ ਦੱਸਿਆ ਕਿ ਬੱਚੀ ਦਾ ਜਨਮ ਸਹੀ ਸਮੇਂ ’ਤੇ ਹੋਇਆ ਜਾਪਦਾ ਹੈ ਕਿਉਂਕਿ ਬੱਚੀ ਦਾ ਨਾੜੂਆ ਕੱਟ ਕੇ ਉਸ ਨੂੰ ਸਹੀ ਢੰਗ ਨਾਲ ਮੈਡੀਕਲ ਟਰੀਟ ਕੀਤਾ ਗਿਆ ਹੈ। ਇਸ ਬੱਚੀ ਦੀ ਲਾਸ਼ ਨੂੰ ਇਕ ਚੁੰਨੀ ਵਿਚ ਲਪੇਟਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਮਲੇ ਨੂੰ ਜਲਦੀ ਹੀ ਸੁਲਝਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।