ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਿਆ ਸੂਰੀਨਾਮ ਦਾ ਸਰਵਉੱਚ ਨਾਗਰਿਕ ਪੁਰਸਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਰੀਨਾਮ ਗਣਰਾਜ ਦੇ ਰਾਸ਼ਟਰਪਤੀ ਚੰਦਰਿਕਾ ਪ੍ਰਸਾਦ ਸੰਤੋਖੀ ਨੇ ਕੀਤਾ ਸਨਮਾਨਿਤ

photo

 

ਨਵੀਂ ਦਿੱਲੀ : ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਗਣਰਾਜ ਦੇ ਰਾਸ਼ਟਰਪਤੀ ਚੰਦਰਿਕਾ ਪ੍ਰਸਾਦ ਸੰਤੋਖੀ ਨੇ ਸੋਮਵਾਰ ਨੂੰ ਉਨ੍ਹਾਂ ਨੂੰ 'ਦਿ ਗ੍ਰੈਂਡ ਆਰਡਰ ਆਫ ਦਿ ਚੇਨ ਆਫ ਯੈਲੋ ਸਟਾਰ' ਅਵਾਰਡ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਮੁਰਮੂ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ।

ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਮੁਰਮੂ ਨੇ ਕਿਹਾ, 'ਮੈਂ ਬਹੁਤ ਸਨਮਾਨਤ ਮਹਿਸੂਸ ਕਰ ਰਹੀ ਹਾਂ। ਇਹ ਨਾ ਸਿਰਫ਼ ਮੇਰੇ ਲਈ ਸਗੋਂ ਭਾਰਤ ਦੇ 140 ਕਰੋੜ ਲੋਕਾਂ ਲਈ ਵੀ ਬਹੁਤ ਮਹੱਤਵਪੂਰਨ ਹੈ।

ਇਸ ਮੌਕੇ ਉਨ੍ਹਾਂ ਨੇ ਸੂਰੀਨਾਮ ਵਿਚ ਭਾਰਤੀਆਂ ਦੀ ਆਮਦ ਦੇ 150 ਸਾਲ ਪੂਰੇ ਹੋਣ ਮੌਕੇ ਇੱਕ ਸੱਭਿਆਚਾਰਕ ਪ੍ਰੋਗਰਾਮ ਵਿਚ ਹਿੱਸਾ ਲਿਆ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਰਾਸ਼ਟਰਪਤੀ ਮਹਿਲ 'ਚ ਸੰਤੋਖੀ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਾਲੇ ਵਫ਼ਦ ਪੱਧਰ ਦੀ ਗੱਲਬਾਤ ਵੀ ਹੋਈ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ 4 ਸਮਝੌਤਿਆਂ 'ਤੇ ਵੀ ਦਸਤਖ਼ਤ ਕੀਤੇ ਗਏ। ਇਹ ਸਮਝੌਤਾ ਸਿਹਤ, ਖੇਤੀਬਾੜੀ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਿਚ ਕੀਤੇ ਗਏ ਹਨ।

ਰਾਸ਼ਟਰਪਤੀ ਮੁਰਮੂ ਐਤਵਾਰ ਨੂੰ ਸੂਰੀਨਾਮ ਪਹੁੰਚੇ। ਰਾਜਧਾਨੀ ਪੈਰਾਮਾਰੀਬੋ ਦੇ ਜੋਹਾਨ ਅਡੋਲਫ ਪੇਂਗਲ ਹਵਾਈ ਅੱਡੇ 'ਤੇ ਰਾਸ਼ਟਰਪਤੀ ਚੰਦਰਿਕਾ ਸੰਤੋਖੀ ਨੇ ਉਨ੍ਹਾਂ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਵਾਗਤ ਕੀਤਾ।

ਮੁਰਮੂ ਨੇ ਕਿਹਾ ਕਿ ਭਾਰਤ ਵਾਂਗ ਸੂਰੀਨਾਮ ਵਿਚ ਵੀ ਕਈ ਜਾਤਾਂ, ਧਰਮਾਂ ਅਤੇ ਭਾਸ਼ਾਵਾਂ ਦੇ ਲੋਕ ਵੱਸਦੇ ਹਨ। ਭਾਰਤ ਅਤੇ ਸੂਰੀਨਾਮ ਦੀ ਦੋਸਤੀ ਇਤਿਹਾਸਕ ਅਤੇ ਸਭਿਆਚਾਰਕ ਸਬੰਧਾਂ 'ਤੇ ਬਣੀ ਹੋਈ ਹੈ। ਹਾਲਾਂਕਿ, ਦੋਵਾਂ ਦੇਸ਼ਾਂ ਵਿਚਕਾਰ ਵਪਾਰ ਸਮਰੱਥਾ ਤੋਂ ਬਹੁਤ ਘੱਟ ਹੈ। ਦੁਵੱਲੇ ਵਪਾਰ ਨੂੰ ਵਧਾਉਣ ਲਈ ਸਹਿਯੋਗ ਵਧਾਉਣ ਦੀ ਲੋੜ ਹੈ। ਰੱਖਿਆ, ਆਯੁਰਵੇਦ ਅਤੇ ਫਾਰਮਾ ਖੇਤਰ ਵਿਚ ਸਹਿਯੋਗ ਨੂੰ ਹੋਰ ਵਧਾਇਆ ਜਾ ਸਕਦਾ ਹੈ।

ਦ੍ਰੋਪਦੀ ਮੁਰਮੂ ਨੇ ਕਿਹਾ ਕਿ ਭਾਰਤ ਸੂਰੀਨਾਮ ਦੇ ਮਨੁੱਖੀ ਸਰੋਤਾਂ ਦੇ ਤਕਨੀਕੀ ਸਹਿਯੋਗ ਅਤੇ ਹੁਨਰ ਵਿਕਾਸ ਨੂੰ ਵਧਾਉਣ ਲਈ ਵਚਨਬੱਧ ਹੈ। ਭਾਰਤ ਤੇਜ਼ ਪ੍ਰਭਾਵ ਵਾਲੇ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰ ਕੇ ਸੂਰੀਨਾਮ ਦੇ ਸਮਾਜਿਕ-ਆਰਥਿਕ ਵਿਕਾਸ ਵਿਚ ਭਾਈਵਾਲੀ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਭਾਰਤ-ਯੂਐਨਡੀਪੀ ਫੰਡ ਦੇ ਤਹਿਤ ਸੂਰੀਨਾਮ ਵਲੋਂ ਵਿਕਸਿਤ ਕੀਤੇ ਗਏ ‘ਅਰਲੀ ਫਲੱਡ ਚੇਤਾਵਨੀ ਸਿਸਟਮ’ ਨੂੰ ਮਨਜ਼ੂਰੀ ਮਿਲਣ ‘ਤੇ ਵੀ ਖੁਸ਼ੀ ਪ੍ਰਗਟਾਈ।