ਕੈਬਨਿਟ ਵਿਸਥਾਰ ਤੋਂ ਪਹਿਲਾਂ ਵੱਡਾ ਬਦਲ, ਰਾਸ਼ਟਰਪਤੀ ਨੇ ਬਦਲੇ 8 ਸੂਬਿਆਂ ਦੇ ਰਾਜਪਾਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲ ਹੀ ਵਿਚ, ਪ੍ਰਧਾਨ ਮੰਤਰੀ ਨੇ ਭਾਜਪਾ ਨੇਤਾ ਅਤੇ ਅਹੁਦੇਦਾਰ ਬੀ ਐਲ ਸੰਤੋਸ਼, ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।

Ramnath Kovind

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਬਨਿਟ ਵਿਸਥਾਰ ਦੀਆਂ ਅਟਕਲਾਂ ਵਿਚਕਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਈ ਸੂਬਿਆਂ ਦੇ ਰਾਜਪਾਲਾਂ ਨੂੰ ਨਿਯੁਕਤ ਕੀਤਾ ਹੈ। ਰਾਸ਼ਟਰਪਤੀ ਨੇ ਕਰਨਾਟਕ, ਮੱਧ ਪ੍ਰਦੇਸ਼ ਅਤੇ ਹਿਮਾਚਲ ਸਮੇਤ 8 ਸੂਬਿਆਂ ਵਿਚ ਨਵੇਂ ਰਾਜਪਾਲ ਨਿਯੁਕਤ ਕੀਤੇ ਹਨ। ਮੋਦੀ ਸਰਕਾਰ ’ਚ ਕੈਬਨਿਟ ਮੰਤਰੀ ਰਹੇ ਥਾਵਰਚੰਦ ਗਹਿਲੋਤ ਨੂੰ ਕਰਨਾਟਕ ਦਾ ਰਾਜਪਾਲ ਬਣਾਇਆ ਗਿਆ ਹੈ। ਉੱਥੇ ਹੀ ਹਰੀ ਬਾਬੂ ਕੰਭਾਪਤੀ ਨੂੰ ਮਿਜ਼ੋਰਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

ਮੰਗੂਭਾਈ ਛਗਨਭਾਈ ਪਟੇਲ ਨੂੰ ਮੱਧ ਪ੍ਰਦੇਸ਼ ਅਤੇ ਰਾਜਿੰਦਰ ਵਿਸ਼ਵਨਾਥ ਅਰਲੇਕਰ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਹੈ। ਸ਼੍ਰੀਧਰਨ ਪਿੱਲਈ ਨੂੰ ਗੋਆ, ਸੱਤਿਅਦੇਵ ਨਾਰਾਇਣ ਆਰੀਆ ਨੂੰ ਤ੍ਰਿਪੁਰਾ, ਰਮੇਸ਼ ਬੈਸ ਨੂੰ ਝਾਰਖੰਡ ਅਤੇ ਬੰਡਾਰੂ ਦੱਤਾਤ੍ਰੇਯ ਨੂੰ ਹਰਿਆਣਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਪਰੋਕਤ ਨਿਯੁਕਤੀਆਂ ਉਨ੍ਹਾਂ ਦੇ ਸਬੰਧਤ ਕਾਰਜਕਾਲਾਂ ਦੇ ਕਾਰਜਭਾਰ ਸੰਭਾਲਣ ਦੀ ਤਾਰੀਖ਼ ਤੋਂ ਪ੍ਰਭਾਵੀ ਹੋਣਗੀਆਂ। 

ਰਾਜਪਾਲ ਦੀ ਨਿਯੁਕਤੀ ਦਾ ਇਹ ਫੈਸਲਾ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਮੰਤਰੀ ਮੰਡਲ ਵਿੱਚ ਪਹਿਲੀ ਸੰਭਾਵਤ ਤਬਦੀਲੀ ਬਾਰੇ ਪਾਰਟੀ ਅਤੇ ਸਰਕਾਰ ਪੱਧਰ ‘ਤੇ ਮੀਟਿੰਗਾਂ ਚੱਲ ਰਹੀਆਂ ਹਨ। ਹਾਲ ਹੀ ਵਿਚ, ਪ੍ਰਧਾਨ ਮੰਤਰੀ ਨੇ ਭਾਜਪਾ ਨੇਤਾ ਅਤੇ ਅਹੁਦੇਦਾਰ ਬੀ ਐਲ ਸੰਤੋਸ਼, ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ -  ਰਵਨੀਤ ਬਿੱਟੂ ਦਾ ਬਿਆਨ, ‘ਪਾਰਟੀ ਦਾ ਅਕਸ ਖਰਾਬ ਕਰਨ ਵਾਲਿਆਂ ਖਿਲਾਫ਼ ਹੋਵੇ ਸਖ਼ਤ ਕਾਰਵਾਈ'

ਇਹ ਵੀ ਪੜ੍ਹੋ -  ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇਗੀ 50 ਹਜ਼ਾਰ ਦੀ ਰਾਸ਼ੀ

ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਮੰਡਲ ਵਿੱਚ ਤਬਦੀਲੀ ਕੀਤੀ ਤਾਂ ਮਈ 2019 ਵਿਚ ਪ੍ਰਧਾਨ ਮੰਤਰੀ ਵਜੋਂ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਮੰਤਰੀ ਪ੍ਰੀਸ਼ਦ ਦਾ ਇਹ ਪਹਿਲਾ ਵਿਸਥਾਰ ਹੋਵੇਗਾ। ਆਸਾਮ ਦੇ ਸਾਬਕਾ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ, ਜੋਤੀਰਾਦਿੱਤਿਆ ਸਿੰਧੀਆ ਅਤੇ ਸੁਸ਼ੀਲ ਮੋਦੀ ਅਜਿਹੇ ਸੰਭਾਵਿਤ ਲੋਕਾਂ ਵਿਚੋਂ ਮੰਨੇ ਜਾ ਰਹੇ ਹਨ ਜਿਨ੍ਹਾਂ ਨੂੰ ਮੋਦੀ ਮੰਤਰੀ ਮੰਡਲ ਵਿਚ ਜਗ੍ਹਾ ਮਿਲ ਸਕਦੀ ਹੈ। ਇਸ ਤਬਦੀਲੀ ਵਿਚ ਉੱਤਰ ਪ੍ਰਦੇਸ਼ ਨੂੰ ਖ਼ਾਸ ਤਵੱਜੋ ਮਿਲ ਸਕਦੀ ਹੈ ਕਿਉਂਕਿ ਅਗਲੇ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਰਾਜਨੀਤਕ ਤੌਰ 'ਤੇ ਇਸ ਨੂੰ ਦੇਸ਼ ਦਾ ਸਭ ਤੋਂ ਮਹੱਤਵਪੂਰਨ ਸੂਬਾ ਮੰਨਿਆ ਜਾਂਦਾ ਹੈ।