ਹਿਮਾਚਲ ਵਿਚ ਕੁਦਰਤ ਦਾ ਕਹਿਰ: ਮਨੀਕਰਨ ਘਾਟੀ 'ਚ ਫਟਿਆ ਬੱਦਲ, 6 ਲੋਕ ਲਾਪਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁੱਲੂ ਦੇ ਚੋਜ ਪਿੰਡ ਵਿਚ ਅੱਜ ਸਵੇਰੇ 6.05 ਵਜੇ ਬੱਦਲ ਫਟਣ ਕਾਰਨ 4 ਤੋਂ 6 ਲੋਕ ਲਾਪਤਾ ਦੱਸੇ ਜਾ ਰਹੇ ਹਨ।

Cloudburst in Manikaran, 6 Missing


ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਚ ਮੀਂਹ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਕੁੱਲੂ, ਸ਼ਿਮਲਾ ਅਤੇ ਕਿਨੌਰ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਕੁੱਲੂ ਦੇ ਚੋਜ ਪਿੰਡ ਵਿਚ ਅੱਜ ਸਵੇਰੇ 6.05 ਵਜੇ ਬੱਦਲ ਫਟਣ ਕਾਰਨ 4 ਤੋਂ 6 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਘਟਨਾ ਵਿਚ ਪੰਜ ਪਾਲਤੂ ਗਾਵਾਂ ਅਤੇ ਉਹਨਾਂ ਦੇ ਵੱਛੇ ਵੀ ਪਾਣੀ ਵਿਚ ਰੁੜ੍ਹ ਗਏ। ਚੋਜ ਪਿੰਡ ਵਿਚ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹੋਮ ਗਾਰਡ, ਫਾਇਰ ਬ੍ਰਿਗੇਡ ਅਤੇ ਪੁਲਿਸ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ।

 

ਕੁੱਲੂ ਦੇ ਹੀ ਮਲਾਨਾ ਪਿੰਡ 'ਚ ਭਾਰੀ ਮੀਂਹ ਤੋਂ ਬਾਅਦ ਸਵੇਰੇ 7.30 ਵਜੇ ਕਾਫੀ ਨੁਕਸਾਨ ਹੋਇਆ। ਮਲਾਨਾ ਪ੍ਰਾਜੈਕਟ ਅਤੇ ਭੁਟਾਰ ਤਹਿਸੀਲ ਭਵਨ ਵਿਖੇ 25 ਤੋਂ 30 ਲੋਕ ਫਸ ਗਏ। ਜਿਨ੍ਹਾਂ ਨੂੰ ਰਾਹਤ ਅਤੇ ਬਚਾਅ ਟੀਮਾਂ ਨੇ ਕੁਝ ਸਮੇਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ। ਕੁੱਲੂ ਜ਼ਿਲ੍ਹੇ ਦੇ ਭੂੰਤਰ ਮਾਰਗ 'ਤੇ ਜ਼ਮੀਨ ਖਿਸਕਣ ਕਾਰਨ ਮਨੀਕਰਨ ਘਾਟੀ ਵਿਚ ਚੋਜ ਨਾਲੇ 'ਚ ਹੜ੍ਹ ਆ ਗਿਆ। ਢਿੱਗਾਂ ਡਿੱਗਣ ਕਾਰਨ ਜਿੱਥੇ ਭੁੰਤਰ-ਮਣੀਕਰਨ ਰੋਡ ’ਤੇ ਕਸੋਲ ਨੇੜੇ ਸੜਕ ਬੰਦ ਹੋ ਗਈ ਹੈ।

Cloudburst in Manikaran, 6 Missing

ਇਸ ਦੇ ਨਾਲ ਹੀ ਹੜ੍ਹ ਕਾਰਨ 4 ਲੋਕ ਲਾਪਤਾ ਹਨ। ਇਸ ਘਟਨਾ ਵਿਚ 3 ਘਰ, 1 ਗੈਸਟ ਹਾਊਸ, 3 ਕੈਂਪਿੰਗ ਸਾਈਟਾਂ, 1 ਗਊਸ਼ਾਲਾ ਸਮੇਤ 4 ਗਾਵਾਂ ਰੁੜ੍ਹ ਗਈਆਂ। ਲਾਪਤਾ ਹੋਣ ਵਾਲਿਆਂ ਵਿਚ ਸੁੰਦਰਨਗਰ ਦਾ ਰਹਿਣ ਵਾਲਾ ਰੋਹਿਤ, ਰਾਜਸਥਾਨ ਦੇ ਪੁਸ਼ਕਰ ਰਾਜ ਦਾ ਰਹਿਣ ਵਾਲਾ ਕਪਿਲ, ਧਰਮਸ਼ਾਲਾ ਦਾ ਰਹਿਣ ਵਾਲਾ ਰਾਹੁਲ ਚੌਧਰੀ ਅਤੇ ਬੰਜਰ ਦਾ ਰਹਿਣ ਵਾਲਾ ਅਰਜੁਨ ਸ਼ਾਮਲ ਹੈ।

Rain

ਹਿਮਾਚਲ ਦੇ ਜ਼ਿਆਦਾਤਰ ਹਿੱਸਿਆਂ 'ਚ ਬੀਤੀ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਥਾਂ-ਥਾਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਤੋਂ ਬਾਅਦ ਰਾਸ਼ਟਰੀ ਰਾਜਮਾਰਗ-3, ਕੁੱਲੂ-ਮਨਾਲੀ, ਰਾਮਪੁਰ ਵਿਚ ਸ਼ਿਮਲਾ-ਕਿਨੌਰ ਨੂੰ ਜੋੜਨ ਵਾਲੀ NH-5 ਅਤੇ ਚੌਪਾਲ ਨੂੰ ਜੋੜਨ ਵਾਲੀ ਸੜਕ ਸਮੇਤ ਸੂਬੇ ਭਰ ਵਿਚ 160 ਤੋਂ ਵੱਧ ਸੜਕਾਂ ਜਾਮ ਹੋਣ ਦੀ ਗੱਲ ਕਹੀ ਜਾ ਰਹੀ ਹੈ। ਸੂਬੇ ਭਰ ਵਿਚ 90 ਤੋਂ ਵੱਧ ਬਿਜਲੀ ਟਰਾਂਸਫਾਰਮਰ ਵੀ ਠੱਪ ਦੱਸੇ ਜਾ ਰਹੇ ਹਨ।