ਚੋਣਾਂ ਜਿੱਤਣ ਲਈ ਸਰਕਾਰ ਨੇ ਹਟਾਈ ਧਾਰਾ 370- ਯਸ਼ਵੰਤ ਸਿਨਹਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਯਸ਼ਵੰਤ ਸਿਨਹਾ ਨੇ ਕਿਹਾ ਕਿ ਕਸ਼ਮੀਰ ਦੀ ਘਾਟੀ ਵਿਚ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਨਹੀਂ ਕੀਤਾ ਜਾਵੇਗਾ

Yashwant Sinha

ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਉਣ ਅਤੇ ਰਾਜ ਨੂੰ ਦੋ ਹਿੱਸਿਆਂ ਵਿਚ ਵੰਡਣ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਰਾਜਨੀਤਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਦੇਸ਼ ਦੇ ਬਾਕੀ ਹਿੱਸਿਆਂ ਵਿਚ ਚੋਣਾਂ ਜਿੱਤਣ ਲਈ ਲਿਆ ਹੈ। ਉਹਨਾਂ ਰਾਜ ਵਿਚ ਭਾਰੀ ਸੈਨਿਕ ਬਲ ਦੀ ਤੈਨਾਤੀ ਕਿੰਨੀ ਦੇਰ ਹੋਵੇਗੀ ਦੇ ਸਵਾਲ ਨੂੰ ਲੈ ਕੇ ਕਿਹਾ ਕਿ ਇਹ ਸਥਿਤੀ ਇਕ-ਦੋ ਦਿਨਾਂ ਵਿਚ ਸੰਭਲਣ ਵਾਲੀ ਨਹੀਂ ਹੈ।

ਅਜਿਹੇ ਵਿਚ ਸੈਨਿਕ ਉੱਥੇ ਕਾਫ਼ੀ ਸਮੇਂ ਤੱਕ ਰਹਿ ਸਕਦੇ ਹਨ। ਉਹਨਾਂ ਨੇ ਸਵਾਲ ਚੱਕਿਆ ਕਿ ਜੇ ਇਸ ਫੈਸਲੇ ਤੋਂ ਐਨਾ ਹੀ ਫ਼ਾਇਦਾ ਹੁੰਦਾ ਹੈ ਤਾਂ ਉੱਥੋਂ ਦੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਵੱਡੀ ਗਿਣਤੀ ਵਿਚ ਸੈਨਾ ਦੇ ਜਵਾਨਾਂ ਨੂੰ ਤੈਨਾਤ ਕਰਨ ਦੀ ਕੀ ਲੋੜ ਸੀ? ਯਸ਼ਵੰਤ ਸਿਨਹਾ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਹੈ। ਉਸ ਨੂੰ ਸਹੀ ਹੋਣ 'ਤੇ ਕਾਫ਼ੀ ਸਮਾਂ ਲੱਗ ਜਾਵੇਗਾ। ਉਨਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਨਾਲ ਸਰਕਾਰ ਦੇ ਵਿਵਹਾਰ ਸਹੀ ਨਹੀਂ ਹੈ।

ਯਸ਼ਵੰਤ ਸਿਨਹਾ ਨੇ ਕਿਹਾ ਕਿ ਕਸ਼ਮੀਰ ਦੀ ਘਾਟੀ ਵਿਚ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਨਹੀਂ ਕੀਤਾ ਜਾਵੇਗਾ। ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਸ ਲਈ ਹੀ ਐਨੀ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਉਥੇ ਤੈਨਾਤ ਕੀਤਾ ਗਿਆ ਹੈ। ਅਰਵਿੰਦ ਕੇਜਰੀਵਾਲ ਦੇ ਸਮਰਥਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਮੈਂ ਹੈਰਾਨ ਹਾਂ ਕਿ ਕੇਜਰੀਵਾਲ ਲੰਬੇ ਸਮੇਂ ਤੋਂ ਇਸ ਲਈ ਲੜ ਰਹੇ ਸਨ

ਪਰ ਅੱਜ ਉਹਨਾਂ ਨੇ ਜੰਮੂ-ਕਸ਼ਮੀਰ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾਉਣ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਢੋਲ ਨਗਾਰਿਆਂ ਦੇ ਨਾਲ ਇਸ ਦੀ ਖੁਸ਼ੀ ਮਨਾਈ ਜਾ ਰਹੀ ਹੈ ਪਰ ਲੋਕ ਨਹੀਂ ਜਾਣਦੇ ਕਿ ਘਾਟੀ ਵਿਚ ਇਹ ਢੋਲ ਨਗਾਰੇ ਨਹੀਂ ਵੱਜ ਰਹੇ। ਉਥੇ ਲੱਡੂ ਨਹੀਂ ਵੰਡੇ ਜਾ ਰਹੇ। ਮੈਂ ਇਹ ਸੋਚ ਕੇ ਕੰਬ ਜਾਂਦਾ ਹਾਂ ਕਿ ਉਦੋਂ ਕੀ ਹੋਵੇਗਾ ਜਦੋਂ ਸਥਿਤੀ 'ਤੇ ਕਾਬੂ ਪਾਉਣ ਲਈ ਸਰਕਾਰ ਕੋਈ ਕਦਮ ਚੁੱਕੇਗੀ।