ਬਾਸਮਤੀ ਦੀ ਜੀਆਈ ਟੈਗਿੰਗ ਨੂੰ ਲੈ ਕੇ ਉਲਝੇ ਸ਼ਿਵਰਾਜ ਤੇ ਕੈਪਟਨ, ਪ੍ਰਧਾਨ ਮੰਤਰੀ ਕੋਲ ਕੀਤੀ ਪਹੁੰਚ!
ਸ਼ਿਵਰਾਜ ਸਿੰਘ ਚੌਹਾਨ ਨੇ ਵੀ ਲਿਖਿਆ ਪ੍ਰਧਾਨ ਮੰਤਰੀ ਮੰਦੀ ਵੱਲ ਪੱਤਰ
ਨਵੀਂ ਦਿੱਲੀ : ਬਾਸਮਤੀ ਚਾਵਲ ਨੂੰ ਜੀਆਈ ਟੈਗਿੰਗ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਆਹਮੋ-ਸਾਹਮਣੇ ਆ ਗਏ ਹਨ। ਦੋਵਾਂ ਮੁੱਖ ਮੰਤਰੀਆਂ ਵਿਚਾਲੇ ਇਹ ਟਕਰਾਅ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨ ਪ੍ਰਧਾਨ ਮੰਤਰੀ ਵੱਲ ਲਿਖੇ ਉਸ ਪੱਤਰ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਮੱਧ ਪ੍ਰਦੇਸ਼ ਨੂੰ ਬਾਸਮਤੀ ਚਾਵਲ ਦੀ ਜੀਆਈ ਟੈਟਿੰਗ 'ਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕੀਤਾ ਸੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਪੱਤਰ ਦੀ ਮੁਖਾਲਫ਼ਿਤ ਕਰਦਿਆਂ ਕੈਪਟਨ ਦੇ ਪੱਤਰ 'ਤੇ ਸਵਾਲ ਉਠਾਏ ਹਨ।
ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਜ਼ਰੀਏ ਕਿਹਾ ਕਿ 'ਮੈਂ ਪੰਜਾਬ ਦੀ ਕਾਂਗਰਸ ਸਰਕਾਰ ਦੁਆਰਾ ਮੱਧ ਪ੍ਰਦੇਸ਼ ਦੇ ਬਾਸਮਤੀ ਚਾਵਲ ਨੂੰ ਜੀਆਈ ਟੈਗਿੰਗ ਦੇਣ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਵੱਲ ਲਿਖੇ ਪੱਤਰ ਦੀ ਨਿੰਦਾ ਕਰਦਾ ਹਾਂ। ਮੁੱਖ ਮੰਤਰੀ ਦਾ ਇਹ ਕਦਮ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਕੀ ਦੁਸ਼ਮਣੀ ਹੈ, ਜੋ ਉਹ ਕਿਸਾਨਾਂ ਦੇ ਹਿਤਾਂ ਨਾਲ ਜੁੜੇ ਮਾਮਲੇ 'ਚ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੇਵਲ ਮੱਧ ਪ੍ਰਦੇਸ਼ ਜਾਂ ਪੰਜਾਬ ਦਾ ਮਸਲਾ ਨਹੀਂ ਹੈ, ਇਹ ਪੂਰੇ ਦੇਸ਼ ਦੇ ਕਿਸਾਨਾਂ ਦੇ ਪੇਸ਼ੇ ਨਾਲ ਜੁੜਿਆ ਮਸਲਾ ਹੈ।
ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਬਾਸਮਤੀ ਚਾਵਲਾਂ ਨੂੰ ਜੀਆਈ ਟੈਗਿੰਗ ਨਾਲ ਕੌਮਾਂਤਰੀ ਬਾਜ਼ਾਰ 'ਚ ਭਾਰਤ ਦੇ ਬਾਸਮਤੀ ਚਾਵਲ ਦੀਆਂ ਕੀਮਤਾਂ ਨੂੰ ਫ਼ਾਇਦਾ ਹੀ ਹੋਵੇਗਾ ਨੁਕਸਾਨ ਨਹੀਂ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦੇ ਨਿਰਯਾਤ ਨੂੰ ਵੀ ਫ਼ਾਇਦਾ ਪਹੁੰਚੇਗਾ। ਸ਼ਿਵਰਾਜ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ 13 ਜ਼ਿਲ੍ਹਿਆਂ ਵਿਚ ਸਾਲ 1908 ਤੋਂ ਬਾਸਮਤੀ ਚਾਵਲ ਦਾ ਉਤਪਾਦਨ ਹੋ ਰਿਹਾ ਹੈ, ਜਿਸ ਦਾ ਇਤਿਹਾਸ 'ਚ ਵੀ ਜ਼ਿਕਰ ਮਿਲਦਾ ਹੈ।
ਇੰਡੀਅਨ ਇੰਸਟੀਚਿਊਟ ਆਫ ਰਾਈਸ ਰਿਸਰਚ, ਹੈਦਰਾਬਾਦ ਦੀ 'ਉਤਪਾਦਨ ਪ੍ਰਮੁੱਖ ਸਰਵੇਖਣ ਰਿਪੋਰਟ' ਮੁਤਾਬਕ ਮੱਧਪ੍ਰਦੇਸ਼ ਵਿਚ ਪਿਛਲੇ 25 ਸਾਲ ਤੋਂ ਬਾਸਮਤੀ ਚਾਵਲ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਦੇ ਬਾਸਮਤੀ ਨਿਰਯਾਤਕ ਮੱਧਪ੍ਰਦੇਸ਼ ਤੋਂ ਬਾਸਮਤੀ ਚਾਵਲ ਖ਼ਰੀਦ ਰਹੇ ਹਨ। ਭਾਰਤ ਸਰਕਾਰ ਦੇ ਨਿਰਯਾਤ ਦੇ ਅੰਕੜੇ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਇਸ ਮਾਮਲੇ ਦਾ ਕੋਈ ਸੰਬੰਧ ਨਹੀਂ ਹੈ ਕਿਉਂਕਿ ਇਹ ਭਾਰਤ ਦੇ ਜੀਆਈ ਐਕਟ ਦੇ ਤਹਿਤ ਆਉਂਦਾ ਹੈ ਅਤੇ ਇਸ ਦਾ ਬਾਸਮਤੀ ਚਾਵਲ ਦੇ ਅੰਤਰ ਦੇਸ਼ੀ ਦਾਅਵਿਆਂ ਨਾਲ ਸਬੰਧ ਨਹੀ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਪੱਤਰ ਭੇਜ ਕੇ ਮੱਧ ਪ੍ਰਦੇਸ਼ ਦੇ ਬਾਸਮਤੀ ਚਾਵਲ ਨੂੰ ਜੀਆਈ ਦਰਜਾ ਦੇਣ ਦੀ ਅਪੀਲ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।