ਕੋਵਿਡ-19 ਹਸਪਤਾਲ 'ਚ ਲੱਗੀ ਭਿਆਨਕ ਅੱਗ, 8 ਮਰੀਜ਼ਾਂ ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਅਹਿਮਦਾਬਾਦ ਵਿਚ ਵੀਰਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ ਹੈ।

Fire Breaks Out At Covid-19 Hospital In Ahmedabad

ਅਹਿਮਦਾਬਾਦ:  ਗੁਜਰਾਤ ਦੇ ਅਹਿਮਦਾਬਾਦ ਵਿਚ ਵੀਰਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ ਹੈ। ਸ਼ਹਿਰ ਵਿਚ ਸਥਿਤ ਕੋਵਿਡ ਹਸਪਤਾਲ ਵਿਚ ਅੱਗ ਲੱਗ ਲਗੀ। ਇਹ ਅੱਗ ਆਈਸੀਯੂ ਵਿਚ ਲੱਗੀ, ਦੇਖਦੇ ਹੀ ਦੇਖਦੇ ਅੱਗ ਨੇ ਖਤਰਨਾਕ ਰੂਪ ਧਾਰਨ ਕਰ ਲਿਆ ਅਤੇ ਇਸ ਦੀ ਚਪੇਟ ਵਿਚ ਆ ਕੇ 8 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ ਇਕ ਪੈਰਾ ਮੈਡੀਕਲ ਸਟਾਫ਼ ਜ਼ਖਮੀ ਹੋ ਗਿਆ।

ਹਸਪਤਾਲ ਵਿਚ ਸਵੇਰੇ 3 ਵਜ ਕੇ 15 ਮਿੰਟ ‘ਤੇ ਅੱਗ ਲੱਗੀ। 3 ਵਜ ਕੇ 22 ਮਿੰਟ ‘ਤੇ ਫਾਇਰ ਵਿਭਾਗ ਦੀ ਟੀਮ ਹਸਪਤਾਲ ਪਹੁੰਚੀ।  ਟੀਮ ਨੇ 4 ਵਜ ਕੇ 20 ਮਿੰਟ ‘ਤੇ ਅੱਗ ਨੂੰ ਕਾਬੂ ਕਰ ਲਿਆ। ਜਦੋਂ ਅੱਗ ਲੱਗੀ ਤਾਂ ਉਸ ਸਮੇਂ ਆਈਸੀਯੂ ਵਿਚ 10 ਕੋਰੋਨਾ ਮਰੀਜ਼ ਸਨ ਜਦਕਿ ਪੂਰੇ ਹਸਪਤਾਲ ਵਿਚ 49 ਕੋਰੋਨਾ ਮਰੀਜ਼ ਸਨ। ਇਹਨਾਂ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ।

ਬਾਕੀ ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿਚ ਸ਼ਿਫ਼ਟ ਕੀਤਾ ਗਿਆ ਹੈ, ਇਸ ਦੇ ਨਾਲ ਹੀ ਜਾਂਚ ਲਈ ਫੋਰੈਂਸਿਕ ਵਿਭਾਗ ਦੀ ਟੀਮ ਪਹੁੰਚ ਗਈ ਹੈ। ਅੱਗ ਲੱਗਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੀ ਟੀਮ ਮੌਕੇ ‘ਤੇ ਹੀ ਹਸਪਤਾਲ ਪਹੁੰਚ ਗਈ। ਅੱਗ ਲੱਗਣ ਪਿੱਛੇ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਸਲ ਸੱਚਾਈ ਫੋਰੈਂਸਿਕ ਵਿਭਾਗ ਦੀ ਟੀਮ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।

ਗੁਜਰਾਤ ਦੇ ਮੁੱਖ ਮੰਤਰੀ ਦਫ਼ਤਰ ਮੁਤਾਬਕ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਅਹਿਮਦਾਬਾਦ ਦੇ ਹਸਪਤਾਲ ਵਿਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ 3 ਦਿਨਾਂ ਅੰਦਰ ਰਿਪੋਰਟ ਦੇਣ ਦਾ ਆਦੇਸ਼ ਦਿੱਤਾ ਹੈ। ਪੀਐਮ ਮੋਦੀ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਹਾਦਸੇ ਵਿਚ ਜ਼ਖਮੀ ਲੋਕਾਂ ਨੂੰ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।