IND vs PAK: 7 ਸਾਲ ਬਾਅਦ ਭਾਰਤ ਆਵੇਗੀ ਪਾਕਿਸਤਾਨੀ ਟੀਮ, ਸਰਕਾਰ ਨੇ ਦਿਤੀ ਵਿਸ਼ਵ ਕੱਪ ਦੀ ਇਜਾਜ਼ਤ
14 ਅਕਤੂਬਰ ਨੂੰ ਵਨਡੇ ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋ ਸਕਦਾ ਹੈ ਮੁਕਾਬਲਾ
ਨਵੀਂ ਦਿੱਲੀ : ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਇਕ ਵਾਰ ਫਿਰ ਵਨਡੇ ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲੇਗਾ, ਹੁਣ ਇਸ ਦੀ ਪੁਸ਼ਟੀ ਹੋ ਗਈ ਹੈ। ਭਾਰਤ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਪਾਕਿਸਤਾਨੀ ਟੀਮ ਨੂੰ ਭੇਜਣ ਵਿਚ ਜੋ ਮੁਸ਼ਕਲਾਂ ਆ ਰਹੀਆਂ ਸਨ, ਉਹ ਹੁਣ ਦੂਰ ਹੋ ਗਈਆਂ ਹਨ।
ਪਾਕਿਸਤਾਨ ਸਰਕਾਰ ਨੇ ਆਖਿਰਕਾਰ ਵਿਸ਼ਵ ਕੱਪ ਲਈ ਆਪਣੀ ਟੀਮ ਨੂੰ ਭਾਰਤ ਭੇਜਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ 7 ਸਾਲ ਦੇ ਇੰਤਜ਼ਾਰ ਤੋਂ ਬਾਅਦ ਪਾਕਿਸਤਾਨੀ ਟੀਮ ਮੁੜ ਭਾਰਤ ਆਏਗੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ 2016 ਟੀ-20 ਵਿਸ਼ਵ ਕੱਪ ਲਈ ਭਾਰਤ ਦਾ ਦੌਰਾ ਕੀਤਾ ਸੀ। 14 ਅਕਤੂਬਰ ਨੂੰ ਵਨਡੇ ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋ ਸਕਦਾ ਹੈ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ 6 ਅਗਸਤ ਨੂੰ ਇਕ ਬਿਆਨ ਜਾਰੀ ਕਰਕੇ ਟੀਮ ਨੂੰ ਭਾਰਤ ਭੇਜਣ ਦੇ ਫੈਸਲੇ ਦਾ ਐਲਾਨ ਕੀਤਾ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਖੇਡਾਂ ਅਤੇ ਰਾਜਨੀਤੀ ਨੂੰ ਮਿਲਾਉਣਾ ਨਹੀਂ ਚਾਹੁੰਦੇ ਅਤੇ ਇਸ ਲਈ ਵਿਸ਼ਵ ਕੱਪ 2023 ਲਈ ਆਪਣੀ ਟੀਮ ਭਾਰਤ ਭੇਜਣ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਦੋਵਾਂ ਦੇਸ਼ਾਂ ਵਿਚਾਲੇ ਖੇਡਾਂ ਨਾਲ ਸਬੰਧਤ ਮਾਮਲਿਆਂ ਦੇ ਰਾਹ ਵਿਚ ਨਹੀਂ ਆਉਣਾ ਚਾਹੀਦਾ।
ਪਾਕਿਸਤਾਨੀ ਕਮੇਟੀ ਨੇ ਆਪਣੀ ਸਿਫ਼ਾਰਿਸ਼ ਕੀਤੀ ਟੀਮ ਦੀ ਸਖ਼ਤ ਸੁਰੱਖਿਆ ਨੂੰ ਲੈ ਕੇ ਆਈਸੀਸੀ ਨੂੰ ਲਿਖਤੀ ਗਾਰੰਟੀ ਦੇਣ ਦੀ ਗੱਲ ਵੀ ਕਹੀ ਸੀ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਵੀ ਆਪਣੇ ਬਿਆਨ ਵਿਚ ਇਸ ਗੱਲ ਨੂੰ ਦੁਹਰਾਇਆ ਹੈ। ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਆਪਣੀ ਟੀਮ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਅਤੇ ਇਸ ਬਾਰੇ ਆਈਸੀਸੀ ਅਤੇ ਭਾਰਤੀ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿਤਾ ਹੈ। ਪਾਕਿਸਤਾਨੀ ਸਰਕਾਰ ਨੇ ਵੀ ਆਪਣੀ ਟੀਮ ਦੇ ਭਾਰਤ ਦੌਰੇ 'ਤੇ ਪੂਰੀ ਸੁਰੱਖਿਆ ਦੀ ਉਮੀਦ ਜਤਾਈ ਹੈ।