ਕਲਯੁੱਗੀ ਪੁੱਤ ਦਾ ਕਾਰਾ : ਜ਼ਮੀਨ ਦੇ ਲਾਲਚ ਚ ਪਿਓ ਦਾ ਇੱਟਾ ਮਾਰ ਕੇ ਕੀਤਾ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਸ਼ ਹੈ ਕਿ ਉਸ ਦਾ ਪਿਤਾ ਜ਼ਮੀਨ ਦੀ ਵੰਡ ਨਹੀਂ ਕਰ ਰਿਹਾ ਸੀ, ਜਿਸ ਕਾਰਨ ਪਾਲਾ ਰਾਮ ਨਾਰਾਜ਼ ਸੀ

photo

 

ਕੈਥਲ : ਬੀਤੀ ਦੇਰ ਰਾਤ ਸਬ ਡਵੀਜ਼ਨ ਦੇ ਪਿੰਡ ਬਲਬੇੜਾ ਵਿਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਪੁੱਤਰ ਨੇ ਆਪਣੇ ਪਿਤਾ ਨੈਫੇ ਸਿੰਘ ’ਤੇ ਇੱਟ ਨਾਲ ਹਮਲਾ ਕਰ ਦਿਤਾ। ਦੋਸ਼ੀ ਨੇ ਪਿਤਾ 'ਤੇ ਕਈ ਵਾਰ ਇੱਟ ਨਾਲ ਹਮਲਾ ਕੀਤਾ। ਜਿਸ ਤੋਂ ਬਾਅਦ ਪਿਤਾ ਦੀ ਦਰਦਨਾਕ ਮੌਤ ਹੋ ਗਈ। ਕਤਲ ਤੋਂ ਬਾਅਦ ਮੁਲਜ਼ਮ ਪਾਲਾ ਰਾਮ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਸੁਨੀਲ ਕੁਮਾਰ ਸਮੇਤ ਪੁਲਿਸ ਮੌਕੇ ’ਤੇ ਪੁੱਜੀ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਪਾਲਾ ਰਾਮ ਦਾ ਵਿਆਹ ਨਹੀਂ ਹੋਇਆ ਸੀ ਅਤੇ ਉਸ ਦੀ ਉਮਰ 42 ਸਾਲ ਦੇ ਕਰੀਬ ਸੀ। ਉਸ ਨੇ ਮਹਿਸੂਸ ਕੀਤਾ ਕਿ ਜੇਕਰ ਉਸ ਦੀ ਜੱਦੀ ਜ਼ਮੀਨ ਦੀ ਵੰਡ ਹੋ ਜਾਵੇ ਤਾਂ ਜ਼ਮੀਨ ਦੇ ਆਧਾਰ 'ਤੇ ਉਹ ਆਸਾਨੀ ਨਾਲ ਵਿਆਹ ਕਰਵਾ ਸਕਦਾ ਹੈ।

ਦੋਸ਼ ਹੈ ਕਿ ਉਸ ਦਾ ਪਿਤਾ ਜ਼ਮੀਨ ਦੀ ਵੰਡ ਨਹੀਂ ਕਰ ਰਿਹਾ ਸੀ, ਜਿਸ ਕਾਰਨ ਪਾਲਾ ਰਾਮ ਨਾਰਾਜ਼ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਹਾਲਾਂਕਿ ਪਰਿਵਾਰਕ ਮੈਂਬਰਾਂ ਮੁਤਾਬਕ ਦੋਵੇਂ ਰਾਤ ਨੂੰ ਇਕੱਠੇ ਬੈਠ ਕੇ ਹੁੱਕਾ ਪੀਂਦੇ ਸਨ ਅਤੇ ਖਾਣਾ ਖਾਂਦੇ ਸਨ। ਇਸ ਤੋਂ ਬਾਅਦ ਰੋਜ਼ ਦੀ ਤਰ੍ਹਾਂ ਦੋਵੇਂ ਪਿਉ-ਪੁੱਤ ਉਪਰਲੇ ਕਮਰੇ ਵਿੱਚ ਸੌਂ ਗਏ। ਪਰਿਵਾਰ ਦੇ ਹੋਰ ਮੈਂਬਰ ਹੇਠਾਂ ਸੌਂ ਰਹੇ ਸਨ। ਉਨ੍ਹਾਂ ਨੂੰ ਸਵੇਰੇ ਨੈਫੇ ਸਿੰਘ ਦੇ ਕਤਲ ਬਾਰੇ ਪਤਾ ਲੱਗਾ।

ਸਵੇਰੇ ਜਦੋਂ ਪਾਲਾ ਰਾਮ ਦੇ ਵੱਡੇ ਭਰਾ ਦਾ ਲੜਕਾ ਚਾਹ ਦੇਣ ਲਈ ਕਮਰੇ ਵਿਚ ਆਇਆ ਤਾਂ ਉਸ ਨੇ ਆਪਣੇ ਦਾਦੇ ਨੂੰ ਮਰਿਆ ਹੋਇਆ ਪਾਇਆ ਅਤੇ ਰੌਲਾ ਪਾਇਆ। ਇਸ ਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਨਾ ਦਿਤੀ।

ਇਸ ਦੌਰਾਨ ਥਾਣਾ ਇੰਚਾਰਜ ਭੀਰਾ ਰਾਮ ਦੀ ਅਗਵਾਈ ਹੇਠ ਐਫਐਸਐਲ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਕੁਝ ਜ਼ਰੂਰੀ ਨਮੂਨੇ ਲਏ ਗਏ ਅਤੇ ਸੀਲ ਕਰ ਦਿੱਤੇ ਗਏ। ਕਤਲ ਤੋਂ ਬਾਅਦ ਮੁਲਜ਼ਮ ਪਾਲਾ ਰਾਮ ਫਰਾਰ ਹੋ ਗਿਆ ਸੀ। ਪੁਲਿਸ ਨੇ ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਚੀਕਾ ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਕੈਥਲ ਭੇਜ ਦਿਤਾ ਗਿਆ ਹੈ। ਮੁਲਜ਼ਮ ਫ਼ਰਾਰ ਹੈ, ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।