ਦਿੱਲੀ ਪੁਲਿਸ ਨੇ ‘ਦੇਸ਼ ਦੇ ਸਭ ਤੋਂ ਵੱਡੇ ਕਾਰ ਚੋਰ’ ਨੂੰ ਕੀਤਾ ਕਾਬੂ, 24 ਸਾਲਾਂ ਦੌਰਾਨ ਚੋਰੀ ਕੀਤੀਆਂ 5000 ਤੋਂ ਵੱਧ ਕਾਰਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਿਕਸ਼ਾ ਚਾਲਕ ਤੋਂ ਚੋਰ ਬਣੇ ਅਨਿਲ ਚੌਹਾਨ ਖ਼ਿਲਾਫ਼ 180 ਤੋਂ ਵੱਧ ਮਾਮਲੇ ਦਰਜ

Delhi Police arrests man accused of stealing 5,000 cars



ਨਵੀਂ ਦਿੱਲੀ: 1998 ਤੋਂ ਹੁਣ ਤੱਕ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 5000 ਕਾਰਾਂ ਚੋਰੀ ਕਰਨ ਵਾਲੇ ਕਾਰ ਚੋਰ ਗਿਰੋਹ ਦੇ ਸਰਗਨਾ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇੰਨਾ ਹੀ ਨਹੀਂ 181 ਅਪਰਾਧਿਕ ਮਾਮਲਿਆਂ 'ਚ ਵੀ ਉਸ ਦੀ ਸ਼ਮੂਲੀਅਤ ਪਾਈ ਗਈ ਹੈ। ਦੋਸ਼ੀ ਖਾਨਪੁਰ ਐਕਸਟੈਨਸ਼ਨ ਨਿਵਾਸੀ ਅਨਿਲ ਚੌਹਾਨ (52) ਮੂਲ ਰੂਪ ਤੋਂ ਆਸਾਮ ਦੇ ਤੇਜ਼ਪੁਰ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਉਹ ਨਾਜਾਇਜ਼ ਹਥਿਆਰਾਂ ਦੀ ਸਪਲਾਈ ਵਿਚ ਵੀ ਸਰਗਰਮ ਸੀ। ਅਨਿਲ ਚੌਹਾਨ ਪਹਿਲਾਂ ਇਕ ਆਟੋ ਚਾਲਕ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ (ਸੈਂਟਰਲ) ਸ਼ਵੇਤਾ ਚੌਹਾਨ ਨੇ ਦੱਸਿਆ ਕਿ ਮੁਲਜ਼ਮ ਅਨਿਲ ਚੌਹਾਨ ਪਹਿਲਾਂ ਅਸਾਮ ਸਰਕਾਰ ਵਿਚ ਕਲਾਸ ਵਨ ਦਾ ਠੇਕੇਦਾਰ ਸੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉਸ ਦੇ ਘਰ ਛਾਪੇਮਾਰੀ ਤੋਂ ਬਾਅਦ ਉਸ ਦੀਆਂ ਸਾਰੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਅਤੇ ਨਿਲਾਮ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਫਿਰ ਚੋਰੀ ਕਰਨ ਲੱਗਿਆ।

ਡੀਸੀਪੀ ਨੇ ਕਿਹਾ ਕਿ ਦਿੱਲੀ ਵਿਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਦੀਆਂ ਗਤੀਵਿਧੀਆਂ ਵਿਚ ਹਾਲ ਹੀ ਵਿਚ ਤੇਜ਼ੀ ਆਉਣ ਕਾਰਨ ਕੇਂਦਰੀ ਜ਼ਿਲ੍ਹੇ ਦੇ ਵਿਸ਼ੇਸ਼ ਸਟਾਫ ਨੂੰ ਇਹਨਾਂ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਸੀ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਸਪੈਸ਼ਲ ਸਟਾਫ਼ ਨੂੰ ਭਾਰਤ ਦੇ ਮੋਸਟ ਵਾਂਟੇਡ ਵਾਹਨ ਚੋਰ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਇਰ ਅਨਿਲ ਚੌਹਾਨ ਦੇ ਮੱਧ ਦਿੱਲੀ ਦੇ ਡੀਬੀਜੀ ਰੋਡ ਥਾਣਾ ਖੇਤਰ ਵਿਚ ਆਉਣ ਦੀ ਸੂਚਨਾ ਮਿਲੀ ਸੀ।

ਇਸ ਤੋਂ ਬਾਅਦ ਇਕ ਸਮਰਪਿਤ ਟੀਮ ਬਣਾਈ ਗਈ ਅਤੇ ਦੋਸ਼ੀ ਨੂੰ 23 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਅਨਿਲ ਚੌਹਾਨ ਨੂੰ ਇੱਕ ਨਜਾਇਜ਼ ਦੇਸੀ ਪਿਸਤੌਲ, ਦੋ ਜਿੰਦਾ ਕਾਰਤੂਸ ਅਤੇ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਤਫਤੀਸ਼ ਦੌਰਾਨ ਉਸ ਕੋਲੋਂ ਪੰਜ ਹੋਰ ਦੇਸੀ ਪਿਸਤੌਲ, ਪੰਜ ਜਿੰਦਾ ਕਾਰਤੂਸ ਅਤੇ ਇੱਕ ਚੋਰੀ ਦੀ ਕਾਰ ਬਰਾਮਦ ਹੋਈ।

ਉਸ ਨੇ ਦੱਸਿਆ ਕਿ ਅਨਿਲ ਚੌਹਾਨ ਨੇ 1998 ਵਿਚ ਵਾਹਨ ਚੋਰੀ ਕਰਨੇ ਸ਼ੁਰੂ ਕੀਤੇ ਸਨ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚੋਂ 5000 ਦੇ ਕਰੀਬ ਵਾਹਨ ਚੋਰੀ ਕਰ ਚੁੱਕੇ ਹਨ। ਡੀਸੀਪੀ ਨੇ ਦੱਸਿਆ ਕਿ ਪੁਲੀਸ ਨੇ ਉਸ ਨੂੰ ਕਈ ਵਾਰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਸੀ। ਉਹਨਾਂ ਨੇ ਕਿਹਾ ਕਿ ਉਸ ਨੂੰ ਨਿਜ਼ਾਮੂਦੀਨ ਥਾਣੇ ਵਿਚ ਦਰਜ ਇਕ ਅਪਰਾਧਿਕ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਪਹਿਲਾਂ 180 ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਸੀ।