ਅੰਨਾਦ੍ਰਮੁਕ ਆਗੂ ਦਾ ਬੇਤੁਕਾ ਬਿਆਨ - 'ਹਵਾ 'ਤੇ ਕੇਸ ਕਰੋ, ਨਾ ਕਿ ਹੋਰਡਿੰਗ ਲਗਾਉਣ ਵਾਲੇ 'ਤੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੋਰਡਿੰਗ ਡਿੱਗਣ ਕਾਰਨ ਲੜਕੀ ਦੀ ਮੌਤ ਦਾ ਮਾਮਲਾ

'File case against wind': AIADMK leader on 23-year-old Chennai techie's death

ਚੇਨਈ : ਆਈ.ਟੀ. ਕੰਪਨੀ 'ਚ ਕੰਮ ਕਰਨ ਵਾਲੀ ਇੰਜੀਨੀਅਰ ਸ਼ੁਭਾਸ੍ਰੀ ਰਵੀ (23) ਦੀ ਬੀਤੀ 12 ਸਤੰਬਰ ਨੂੰ ਹਾਦਸੇ 'ਚ ਮੌਤ ਹੋ ਗਈ ਸੀ। ਉਸ ਦੇ ਉੱਪਰ ਗ਼ੈਰ-ਕਾਨੂੰਨੀ ਤਰੀਕੇ ਨਾਲ ਸੜਕ ਕੰਢੇ ਲਗਾਇਆ ਗਿਆ ਹੋਰਡਿੰਗ ਡਿੱਗ ਗਿਆ ਸੀ। ਇਸ ਮਾਮਲੇ 'ਚ ਅੰਨਾਦ੍ਰਮੁਕ ਆਗੂ ਨੇ ਅਜੀਬੋ-ਗ਼ਰੀਬ ਬਿਆਨ ਦਿੱਤਾ ਹੈ।

ਰਿਪੋਰਟ ਮੁਤਾਬਕ ਇਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਅੰਨਾਦ੍ਰਮੁਕ ਆਗੂ ਸੀ. ਪੋਨੰਈਅਨ ਨੇ ਕਿਹਾ ਕਿ ਜਿਸ ਵਿਅਕਤੀ ਨੇ ਹੋਰਡਿੰਗ ਲਗਾਇਆ, ਉਸ 'ਤੇ ਕੇਸ ਦਰਜ ਨਹੀਂ ਹੋਣਾ ਚਾਹੀਦਾ। ਜੇ ਕਿਸੇ ਦੇ ਵਿਰੁਧ ਕੇਸ ਹੋਣਾ ਚਾਹੀਦਾ ਹੈ ਤਾਂ ਉਹ 'ਹਵਾ' ਹੈ। ਇਸ ਮਾਮਲੇ 'ਚ ਪਾਰਟੀ ਦੇ ਮੈਂਬਰ ਜੈਗੋਪਾਲ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਹਾਦਸੇ ਦੇ ਤਿੰਨ ਹਫ਼ਤੇ ਬਾਅਦ ਉਸ ਦੀ ਗ੍ਰਿਫ਼ਤਾਰੀ ਕੀਤੀ ਗਈ ਸੀ। ਹੋਰਡਿੰਗ 'ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਈ. ਪਲਾਨੀਸਾਮੀ ਅਤੇ ਮਰਹੂਮ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਤਸਵੀਰ ਸੀ। ਘਟਨਾ ਸਮੇਂ ਹੋਰਡਿੰਗ ਡਿਗਣ ਕਾਰਨ ਸ਼ੁਭਾਸ੍ਰੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਿਛਿਉਂ ਆ ਰਹੇ ਪਾਣੀ ਦੇ ਟੈਂਕਰ ਦੇ ਲਪੇਟ 'ਚ ਆ ਗਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।

ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਪੋਨੰਈਅਨ ਨੇ ਕਿਹਾ ਕਿ ਜਿਸ ਵਿਅਕਤੀ ਨੇ ਹੋਰਡਿੰਗ ਲਗਵਾਇਆ ਸੀ, ਉਸ ਨੇ ਲੜਕੀ ਨੂੰ ਮੌਤ ਦੇ ਮੂੰਹ 'ਚ ਨਹੀਂ ਸੁੱਟਿਆ। ਜੇ ਕੋਈ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਜੇ ਕਿਸੇ ਵਿਰੁਧ ਦਰਜ ਕੀਤਾ ਜਾਣਾ ਹੈ ਤਾਂ ਉਹ 'ਹਵਾ' ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਸੁਪਰੀਮ ਕੋਰਟ 'ਚ ਭੇਜਿਆ ਜਾਣਾ ਚਾਹੀਦਾ ਹੈ। ਜੱਜਾਂ ਨੂੰ ਫ਼ੈਸਲਾ ਕਰਨ ਦੇਣ ਚਾਹੀਦਾ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਦਰਾਸ ਹਾਈ ਕੋਰਟ ਨੇ ਸ਼ੁਭਾਸ੍ਰੀ ਰਵੀ ਦੇ ਮਾਮਲੇ 'ਚ ਸਖ਼ਤ ਨੋਟਿਸ ਲਿਆ ਸੀ। ਅਦਾਲਤ ਨੇ ਪੁੱਛਿਆ ਸੀ, "ਸੂਬਾ ਸਰਕਾਰ ਨੂੰ ਸੜਕਾਂ ਨੂੰ ਰੰਗਣ ਲਈ ਕਿੰਨੇ ਲੀਟਰ ਖ਼ੂਨ ਚਾਹੀਦਾ ਹੈ?" ਇਸ ਦੇਸ਼ 'ਚ ਸਰਕਾਰਾਂ ਦੇ ਮਾੜੇ ਰਵਈਏ ਕਾਰਨ ਲੋਕਾਂ ਦੀ ਜ਼ਿੰਦਗੀ ਦੀ ਕੀਮਤ ਸਿਫ਼ਰ ਹੋ ਗਈ ਹੈ। ਅਸੀ ਇਸ ਸਰਕਾਰ ਤੋਂ ਭਰੋਸਾ ਗੁਆ ਚੁੱਕੇ ਹਾਂ। ਕੀ ਹੁਣ ਮੁੱਖ ਮੰਤਰੀ ਅਜਿਹੇ ਗ਼ੈਰ-ਕਾਨੂੰਨੀ ਬੈਨਰਾਂ ਬਾਰੇ ਕੋਈ ਬਿਆਨ ਜਾਰੀ ਕਰਨ ਦੇ ਚਾਹਵਾਨ ਹਨ।''