ਐਂਬੂਲੈਂਸ ਵਿਚ ਪੈਟ੍ਰੋਲ ਹੋਇਆ ਖ਼ਤਮ ਤੇ ਗਰਭਵਤੀ ਮਹਿਲਾ ਦੀ ਹੋਈ ਮੌਤ
ਮਯੂਰਭੰਜ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫਸਰ (ਸੀਡੀਐਮਓ) ਪੀ ਕੇ ਮਹਾਪਾਤਰਾ ਨੇ ਸਵੀਕਾਰ ਕੀਤਾ ਹੈ ਕਿ ਪੈਟਰੋਲ ਦੀ ਘਾਟ ਕਾਰਨ ਐਂਬੂਲੈਂਸ ਮੰਜ਼ਿਲ ’ਤੇ ਨਹੀਂ ਪਹੁੰਚ ਸਕੀ।
ਓਡੀਸ਼ਾ: ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਵਿਚ ਇਕ ਗਰਭਵਤੀ ਮਹਿਲਾ ਨੂੰ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਲੈ ਜਾ ਰਹੀ ਐਂਬੂਲੈਂਸ ਦਾ ਪੈਟ੍ਰੋਲ ਖ਼ਤਮ ਹੋ ਗਿਆ ਜਿਸ ਕਾਰਨ ਗਰਭਵਤੀ ਮਹਿਲਾ ਦੀ ਰਸਤੇ ਵਿਚ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ 23 ਸਾਲਾ ਗਰਭਵਤੀ ਆਦੀਵਾਸੀ ਨੂੰ ਬੰਗੀਰੀਪੋਸੀ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਮਹਿਲਾ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਸ਼ੁੱਕਰਵਾਰ ਰਾਤ ਨੂੰ ਬਾਰੀਪਦਾ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ।
ਮਹਿਲਾ ਦਾ ਨਾਮ ਤੁਲਸੀ ਮੁੰਡਾ ਹੈ। ਤੁਲਸੀ ਦੇ ਪਤੀ ਚਿਤਾਰੰਜਨ ਮੁੰਡਾ ਨੇ ਕਿਹਾ, “ਕੁਲਿਆਨਾ ਨੇੜੇ ਐਂਬੂਲੈਂਸ ਵਿਚ ਪੈਟਰੋਲ ਖ਼ਤਮ ਹੋ ਗਿਆ। ਉਸ ਨੂੰ ਹਸਪਤਾਲ ਲਿਜਾਣ ਲਈ ਇਕ ਹੋਰ ਵਾਹਨ ਦਾ ਪ੍ਰਬੰਧ ਕਰਨ ਲਈ ਉਹਨਾਂ ਨੂੰ ਇਕ ਘੰਟੇ ਤੋਂ ਜ਼ਿਆਦਾ ਇੰਤਜ਼ਾਰ ਕਰਨਾ ਪਿਆ। ”ਉਸਨੇ ਕਿਹਾ ਕਿ ਆਸ਼ਾ ਤੁਲਸੀ ਨਾਲ ਕੰਮ ਕਰਨ ਵਾਲੀ ਕਰਮਚਾਰੀ ਸੀ ਪਰ ਉਨ੍ਹਾਂ ਹਾਲਤਾਂ ਵਿਚ ਉਹ ਵੀ ਬੇਵੱਸ ਸੀ। ਚਿਤਾਰੰਜਨ ਨੇ ਕਿਹਾ, “ਆਖਰਕਾਰ ਦੂਜੀ ਐਂਬੂਲੈਂਸ ਆ ਗਈ ਅਤੇ ਤੁਲਸੀ ਨੂੰ ਬਾਰੀਪਦਾ ਦੇ ਹਸਪਤਾਲ ਲਿਜਾਇਆ ਗਿਆ ਪਰ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਤੁਲਸੀ ਦੀ ਮੌਤ ਹੋ ਚੁੱਕੀ ਸੀ।
ਮਯੂਰਭੰਜ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫਸਰ (ਸੀਡੀਐਮਓ) ਪੀ ਕੇ ਮਹਾਪਾਤਰਾ ਨੇ ਸਵੀਕਾਰ ਕੀਤਾ ਹੈ ਕਿ ਪੈਟਰੋਲ ਦੀ ਘਾਟ ਕਾਰਨ ਐਂਬੂਲੈਂਸ ਮੰਜ਼ਿਲ ’ਤੇ ਨਹੀਂ ਪਹੁੰਚ ਸਕੀ। ਸੀਡੀਐਮਓ ਨੇ ਦਾਅਵਾ ਕੀਤਾ ਹੈ ਕਿ ਬਾਰੀਪਦਾ ਲਈ ਰਵਾਨਾ ਹੁੰਦੇ ਸਮੇਂ ਆਂਬੂਲੈਂਸ ਵਿਚ ਪੂਰਾ ਪੈਟ੍ਰੋਲ ਸੀ ਪਰ ਤੇਲ ਦੀ ਪਾਈਪ ਲੀਕ ਹੋਣ ਕਾਰਨ ਤੇਲ ਮੁੱਕ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰੇਗਾ। ਅਫਸਰ ਪੀ ਕੇ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਹੈ ਕਿਉਂਕਿ ਇਕ ਮਾਂ ਦੇ ਨਾਲ-ਨਾਲ ਇਕ ਅਣਜੰਮੀ ਬੱਚੀ ਦੀ ਵੀ ਮੌਤ ਹੋਈ ਹੈ।