ਟਰੈਕਟਰ ਚਲਾ ਕੇ ਹਰਿਆਣਾ ਬਾਰਡਰ ਪੁੱਜੇ ਰਾਹੁਲ ਗਾਂਧੀ, ਹੰਗਾਮਾ ਜਾਰੀ
ਕਾਂਗਰਸੀ ਵਰਕਰਾਂ ਨੇ ਤੋੜੇ ਬੈਰੀਕੇਟ
ਨਵੀਂ ਦਿੱਲੀ: ਪੰਜਾਬ ਵਿਚ ਅਪਣੀ ਤਿੰਨ ਦਿਨ ਦੀ ਟਰੈਕਟਰ ਰੈਲੀ ਖਤਮ ਕਰਨ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਹਰਿਆਣਾ ਬਾਰਡਰ 'ਤੇ ਪਹੁੰਚ ਚੁੱਕੇ ਹਨ। ਰਾਹੁਲ ਗਾਂਧੀ ਅਪਣੇ ਕਾਫ਼ਲੇ ਨਾਲ ਪੰਜਾਬ ਤੋਂ ਟਰੈਕਟਰ ਚਲਾ ਕੇ ਹਰਿਆਣਾ ਬਾਰਡਰ ਪਹੁੰਚੇ ਹਨ।
ਇਸ ਮੌਕੇ ਉਹਨਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ।
ਰਾਹੁਲ ਗਾਂਧੀ ਸਮੇਤ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਟਰੈਕਟਰ ਰੈਲੀ 'ਚ ਸ਼ਾਮਲ ਹੋ ਕੇ ਪੰਜਾਬ-ਹਰਿਆਣਾ ਬਾਡਰ 'ਤੇ ਪੁੱਜੇ, ਇਸ ਦੌਰਾਨ ਪੰਜਾਬ-ਹਰਿਆਣਾ ਬਾਰਡਰ 'ਤੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਹੰਗਾਮੇ ਦੌਰਾਨ ਕਾਂਗਰਸੀ ਵਰਕਰਾਂ ਨੇ ਬੈਰੀਕੇਟ ਤੋੜ ਦਿੱਤੇ। ਹਰਿਆਣਾ ਪੁਲਿਸ ਅਤੇ ਕਾਂਗਰਸ ਵਰਕਰਾਂ ਵਿਚਕਾਰ ਝੜਪ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦੱਸ ਦਈਏ ਕਿ ਰਾਹੁਲ ਗਾਂਧੀ ਨੂੰ ਹਰਿਆਣਾ ਵਿਚ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਹਾਲਾਂਕਿ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਰਾਹੁਲ ਗਾਂਧੀ ਅਖੀਰ ਹਰਿਆਣਾ 'ਚ ਦਾਖ਼ਲ ਹੋ ਗਏ ਹਨ।
ਰਾਹੁਲ ਗਾਂਧੀ ਦੇ ਕਾਫ਼ਲੇ ਵਿਚ ਮੌਜੂਦ ਕਾਂਗਰਸੀ ਵਰਕਰ ਅਤੇ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।