ਬਿਹਾਰ : ਸੋਨ ਨਦੀ ’ਚ ਡੁੱਬਣ ਨਾਲ 6 ਬੱਚਿਆਂ ਦੀ ਮੌਤ, ਇਕ ਲਾਪਤਾ
ਸਾਰੇ ਬੱਚੇ 10-12 ਸਾਲ ਦੀ ਉਮਰ ਦੇ ਹਨ
ਸਾਸਾਰਾਮ (ਬਿਹਾਰ) : ਬਿਹਾਰ ਦੇ ਰੋਹਤਾਸ ਜ਼ਿਲ੍ਹੇ ਦੇ ਤੁੰਬਾ ਪਿੰਡ ’ਚ ਐਤਵਾਰ ਨੂੰ ਸੋਨ ਨਦੀ ’ਚ ਨਹਾਉਣ ਦੌਰਾਨ 6 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਰੋਹਤਾਸ ਦੀ ਜ਼ਿਲ੍ਹਾ ਮੈਜਿਸਟਰੇਟ ਉਦਿਤਾ ਸਿੰਘ ਨੇ ਦਸਿਆ ਕਿ ਇਹ ਘਟਨਾ ਅੱਜ ਸਵੇਰੇ ਉਸ ਸਮੇਂ ਵਾਪਰੀ ਜਦੋਂ ਤੁੰਬਾ ਪਿੰਡ ’ਚ ਸੋਨ ਨਦੀ ’ਚ ਕੁਲ 8 ਬੱਚੇ ਨਹਾ ਰਹੇ ਸਨ।
ਉਨ੍ਹਾਂ ਕਿਹਾ, ‘‘ਪਿੰਡ ਵਾਸੀਆਂ ਮੁਤਾਬਕ ਬੱਚੇ ਅਚਾਨਕ ਡੂੰਘੇ ਪਾਣੀ ’ਚ ਚਲੇ ਗਏ। ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਸਥਾਨਕ ਪੁਲਿਸ ਅਧਿਕਾਰੀ ਐਸ.ਡੀ.ਆਰ.ਐਫ. ਦੇ ਜਵਾਨਾਂ ਨਾਲ ਮੌਕੇ ’ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ।’’
ਉਨ੍ਹਾਂ ਕਿਹਾ ਕਿ ਸੂਬਾ ਆਫ਼ਤ ਪ੍ਰਤੀਕਿਰਿਆ ਬਲ (ਐਸ.ਡੀ.ਆਰ.ਐਫ.) ਦੇ ਜਵਾਨਾਂ ਨੇ ਛੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਇਕ ਬੱਚਾ ਅਜੇ ਵੀ ਲਾਪਤਾ ਹੈ। ਡੀ.ਐਮ. ਨੇ ਦਸਿਆ ਕਿ ਬਚਾਅ ਟੀਮ ਨੇ ਇਕ ਹੋਰ ਬੱਚੇ ਨੂੰ ਬਚਾਇਆ, ਜਿਸ ਨੂੰ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਉਨ੍ਹਾਂ ਕਿਹਾ, ‘‘ਗੋਤਾਖੋਰਾਂ ਵਲੋਂ ਲਾਪਤਾ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਾਰੇ ਬੱਚੇ 10-12 ਸਾਲ ਦੀ ਉਮਰ ਦੇ ਹਨ। ਅਸੀਂ ਮ੍ਰਿਤਕ ਦੀ ਪਛਾਣ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।’’