ਦਿੱਲੀ ਪੁਲਿਸ ਨੇ ਅੰਮ੍ਰਿਤਸਰ ਤੋਂ 10 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਲਜ਼ਮਾਂ ਵਲੋਂ ਦਿਤੀ ਜਾਣਕਾਰੀ ਦੇ ਆਧਾਰ ’ਤੇ ਪੂਰੇ ਦੇਸ਼ ’ਚ ਛਾਪੇਮਾਰੀ ਜਾਰੀ

Representative Image.

ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਅੰਮ੍ਰਿਤਸਰ ਤੋਂ 10 ਕਰੋੜ ਰੁਪਏ ਦੀ ਕੋਕੀਨ ਜ਼ਬਤ ਕੀਤੀ ਹੈ ਅਤੇ ਕਰੀਬ 5,600 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਪੂਰੇ ਦੇਸ਼ ’ਚ ਛਾਪੇਮਾਰ ਚਲ ਰਹੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।

ਇਸ ਤੋਂ ਪਹਿਲਾਂ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਸਬੰਧ ’ਚ ਇਕ  ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਸੂਤਰਾਂ ਨੇ ਸਪੱਸ਼ਟ ਕੀਤਾ ਕਿ ਅੱਜ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਅਤੇ ਪਹਿਲਾਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਲੋਂ  ਦਿਤੀ  ਗਈ ਜਾਣਕਾਰੀ ਦੇ ਆਧਾਰ ’ਤੇ  ਦੇਸ਼ ਭਰ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਸਪੈਸ਼ਲ ਸੈੱਲ ਨੇ 2 ਅਕਤੂਬਰ ਨੂੰ 560 ਕਿਲੋਗ੍ਰਾਮ ਕੋਕੀਨ ਅਤੇ 40 ਕਿਲੋ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ, ਜਿਨ੍ਹਾਂ ਦੀ ਕੀਮਤ ਲਗਭਗ 5,620 ਕਰੋੜ ਰੁਪਏ ਹੈ। ਇਸ ਬਰਾਮਦਗੀ ਦੇ ਨਾਲ ਹੀ ਦਿੱਲੀ ਵਾਸੀ ਤੁਸ਼ਾਰ ਗੋਇਲ (40), ਹਿਮਾਂਸ਼ੂ ਕੁਮਾਰ (27) ਅਤੇ ਮੁੰਬਈ ਨਿਵਾਸੀ ਔਰੰਗਜ਼ੇਬ ਸਿੱਦੀਕੀ (23) ਅਤੇ ਭਰਤ ਕੁਮਾਰ ਜੈਨ (48) ਨੂੰ ਉਸੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ। 

ਸ਼ਹਿਰ ’ਚ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਹੋਣ ਤੋਂ ਇਕ ਦਿਨ ਬਾਅਦ ਬਰਤਾਨੀਆਂ  ’ਚ ਰਹਿਣ ਵਾਲੇ ਭਾਰਤੀ ਮੂਲ ਦੇ ਜਿਤੇਂਦਰ ਗਿੱਲ ਉਰਫ ਜੱਸੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਨੇੜੇ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। 

ਪੁਲਿਸ ਸੂਤਰਾਂ ਅਨੁਸਾਰ ਜੱਸੀ ਤੋਂ ਪੁੱਛ-ਪੜਤਾਲ  ਦੌਰਾਨ ਇਕੱਤਰ ਕੀਤੀ ਜਾਣਕਾਰੀ ਦੇ ਆਧਾਰ ’ਤੇ  ਅੱਜ ਅੰਮ੍ਰਿਤਸਰ ਦੇ ਇਕ  ਪਿੰਡ ’ਚ ਛਾਪਾ ਮਾਰਿਆ ਗਿਆ। ਉਨ੍ਹਾਂ ਕਿਹਾ, ‘‘ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਲੋਂ  ਦਿਤੀ  ਗਈ ਜਾਣਕਾਰੀ ਦੇ ਆਧਾਰ ’ਤੇ  ਅਸੀਂ ਦੇਸ਼ ਭਰ ’ਚ ਕਈ ਥਾਵਾਂ ’ਤੇ  ਛਾਪੇਮਾਰੀ ਕਰ ਰਹੇ ਹਾਂ।’’

ਉਨ੍ਹਾਂ ਦਸਿਆ ਕਿ ਅੰਮ੍ਰਿਤਸਰ ’ਚ ਕੋਕੀਨ ਬਰਾਮਦ ਕਰਨ ਦੌਰਾਨ ਇਕ ਕਾਰ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਦਸਿਆ  ਕਿ ਜੱਸੀ ਨਸ਼ੀਲੇ ਪਦਾਰਥਾਂ ਦੇ ਰੈਕੇਟ ਦੀ ਨਿਗਰਾਨੀ ਕਰਨ ਲਈ ਭਾਰਤ ਆਇਆ ਸੀ ਪਰ ਚਾਰ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਦਿੱਲੀ ਪੁਲਿਸ ਨੇ ਸ਼ੁਕਰਵਾਰ  ਨੂੰ ਦੁਬਈ ਸਥਿਤ ਭਾਰਤੀ ਮੂਲ ਦੇ ਕਾਰੋਬਾਰੀ ਵੀਰੇਂਦਰ ਬਸੋਇਆ ਦੇ ਵਿਰੁਧ  ਲੁੱਕਆਊਟ ਸਰਕੂਲਰ (LOC) ਵੀ ਜਾਰੀ ਕੀਤਾ, ਜਿਸ ’ਤੇ  5,620 ਕਰੋੜ ਰੁਪਏ ਦੇ ਡਰੱਗ ਰੈਕੇਟ ’ਚ ਸ਼ਾਮਲ ਹੋਣ ਦਾ ਸ਼ੱਕ ਹੈ। ਉਹ ਕਥਿਤ ਤੌਰ ’ਤੇ  ਗੋਇਲ ਅਤੇ ਜੱਸੀ ਦੀ ਮਦਦ ਨਾਲ ਗਿਰੋਹ ਨੂੰ ਚਲਾ ਰਿਹਾ ਸੀ।