ਦੇਸ਼ ਭਰ 'ਚ ਲੰਮੇ ਸਮੇਂ ਤੋਂ ਗ਼ੈਰ ਹਾਜ਼ਰ ਰੇਲ ਕਰਮਚਾਰੀ ਹੋਣਗੇ ਬਰਖ਼ਾਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ-ਪੱਛਮ ਰੇਲਵੇ ਦੇ ਚਾਰ ਮੰਡਲਾਂ ਅਤੇ ਵਰਕਸ਼ਾਪਾਂ ਸਮੇਤ ਭਾਰਤੀ ਰੇਲਵੇ ਵਿਚ ਦੋ ਸਾਲ ਤੋਂ ਗ਼ੈਰ ਹਾਜ਼ਰ ਚਲ ਰਹੇ ਰੇਲ ਕਰਮਚਾਰੀਆਂ ਨੂੰ ਬਰਖ਼ਾਸਤ ਕੀਤੇ ਜਾਣ ਦੀ ਯੋਜਨਾ ਹੈ।

Department Of Railways

ਜੈਪੁਰ , ( ਪੀਟੀਆਈ ) : ਉਤਰ-ਪੱਛਮ ਰੇਲਵੇ ਦੇ ਚਾਰ ਮੰਡਲਾਂ ਅਤੇ ਵਰਕਸ਼ਾਪਾਂ ਸਮੇਤ ਭਾਰਤੀ ਰੇਲਵੇ ਵਿਚ ਦੋ ਸਾਲ ਤੋਂ ਗ਼ੈਰ ਹਾਜ਼ਰ ਚਲ ਰਹੇ 13521 ਰੇਲ ਕਰਮਚਾਰੀਆਂ ਨੂੰ ਬਰਖ਼ਾਸਤ ਕੀਤੇ ਜਾਣ ਦੀ ਯੋਜਨਾ ਹੈ। ਇਸ ਵਿਚ ਉਤਰ ਪੱਛਮ ਰੇਲਵੇ ਦੇ ਜੈਪੁਰ, ਅਜਮੇਰ, ਜੋਧਪੁਰ ਅਤੇ ਬੀਕਾਨੇਰ ਮੰਡਲ ਸਮੇਤ ਤਿੰਨੋ ਵਰਕਸ਼ਾਪਾਂ ਦੇ ਲਗਭਗ 400 ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਰੇਲਵੇ ਬੋਰਡ ਵੱਲੋਂ ਇਨ੍ਹਾਂ ਦੀ ਥਾਂ ਤੇ ਨਵੀਆਂ ਭਰਤੀਆਂ ਕਰਨ ਦਾ ਫੈਸਲਾ ਕੀਤਾ ਹੈ।

ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁਝ ਕਰਮਚਾਰੀ ਤਾਂ ਅਜਿਹੇ ਹਨ ਜੋ ਟਰੇਨਿੰਗ ਤੋਂ ਹੀ ਗਾਇਬ ਹੋ ਗਏ ਸਨ। ਸਿਖਲਾਈ ਦੌਰਾਨ ਗਾਇਬ ਹੋਏ ਕਰਮਚਾਰੀਆਂ ਨੂੰ ਰੇਲਵੇ ਨੇ ਕਈ ਵਾਰ ਨੋਟਿਸ ਵੀ ਦਿਤੇ ਸਨ, ਪਰ ਕੋਈ ਪ੍ਰਤਿਕਿਰਿਆ ਨਾ ਆਉਣ ਤੋਂ ਬਾਅਦ ਰੇਲਵੇ ਹੁਣ ਇਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਜਾ ਰਿਹਾ ਹੈ। ਰੇਲਵੇ ਵਿਚ ਲੰਮੇ ਸਮੇਂ ਤੋਂ ਗ਼ੈਰ ਹਾਜ਼ਰ ਚਲ ਰਹੇ ਕਰਮਚਾਰੀ ਜਿਮ੍ਹੇਵਾਰਾਂ ਦੇ ਨਾਲ ਮਿਲ ਕੇ ਤਨਖਾਹ ਲੈ ਲੈਂਦੇ ਹਨ ਜਿਸ ਕਾਰਨ ਰੇਲਵੇ ਤੋਂ ਗ਼ੈਰ ਹਾਜ਼ਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਤਨਖਾਹ ਮਿਲ ਰਹੀ ਸੀ।

ਰੇਲਵੇ ਨੂੰ ਇਹ ਜਾਣਕਾਰੀ ਮਿਲੀ ਕਿ ਕਰਮਚਾਰੀ ਲੰਮੇ ਸਮੇਂ ਤੋਂ ਗ਼ੈਰ ਹਾਜ਼ਰ ਹੋਣ ਤੋਂ ਬਾਅਦ ਵੀ ਵੇਤਨ ਲੈ ਰਹੇ ਹਨ। ਇਸ ਤੇ ਰੇਲਵੇ ਬੋਰਡ ਨੇ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਕਰਮਚਾਰੀਆਂ ਦੇ ਕੰਮਾਂ ਦੀ ਤਸਦੀਕ ਉਨ੍ਹਾਂ ਦੇ ਇੰਚਾਰਜ ਵੱਲੋਂ ਕੀਤੀ ਜਾਵੇ ਅਤੇ ਜੇਕਰ ਤਸਦੀਕ ਗਲਤ ਪਾਈ ਜਾਂਦੀ ਹੈ ਤਾਂ ਇੰਚਾਰਜ ਦੀ ਤਨਖਾਹ ਵਿਚੋਂ ਪੈਸੇ ਕੱਟੇ ਜਾਣ। ਇਸ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਗਈ ਜਿਸ ਵਿਚ ਦੇਸ਼ ਭਰ ਵਿਚ ਲਗਭਗ 13521 ਕਰਮਚਾਰੀ ਗ਼ੈਰ ਹਾਜ਼ਰ ਪਾਏ ਗਏ।