ਅਤਿਵਾਦੀ ਸੰਗਠਨ 'ਚ ਸ਼ਾਮਲ ਹੋਏ ਫ਼ੌਜ ਦੇ ਸਾਬਕਾ ਜਵਾਨ ਦੀ ਮੁਠਭੇੜ ਦੌਰਾਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖ਼ਬਰਾਂ ਮੁਤਾਬਕ ਅਤਿਵਾਦੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਸ ਇਨਕਾਉਂਟਰ ਵਿਚ ਫ਼ੌਜ ਦਾ ਕੋਈ ਵੀ ਜਵਾਨ ਜ਼ਖਮੀ ਨਹੀਂ ਹੋਇਆ ਹੈ।

Indian Armymen

ਜੰਮੂ-ਕਸ਼ਮੀਰ, ( ਭਾਸ਼ਾ ) : ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਖੇ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਹੋਈ ਮੁਠਭੇੜ ਦੌਰਾਨ 2 ਅਤਿਵਾਦੀ ਢੇਰ ਹੋ ਗਏ। ਦੋਨੋਂ ਅਤਿਵਾਦੀ ਹਿਜ਼ਬੁਲ ਮੁਜ਼ਾਹਿਦੀਨ ਦੇ ਮੈਂਬਰ ਸਨ। ਇਸ ਮੁਠਭੇੜ ਵਿਚ ਸੁਰੱਖਿਆਂ ਬਲ ਦੇ ਕਿਸੀ ਜਵਾਨ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਮਾਰੇ ਗਏ ਅਤਿਵਾਦੀਆਂ ਦੀ ਪਛਾਣ ਇਦਰੀਸ ਸੁਲਤਾਨ ਅਤੇ ਆਮਿਰ ਹੁਸੈਨ ਰੈਦਰ ਦੇ ਤੌਰ ਤੇ ਹੋਈ ਹੀ।

ਦੱਸ ਦਈਏ ਕਿ ਮੁਹੰਮਦ ਇਦਰੀਸ ਸੁਲਤਾਨ ਪਹਿਲਾਂ ਭਾਰਤੀ ਫ਼ੌਜ ਦਾ ਜਵਾਨ ਸੀ ਜੋ ਕਿ ਇਸੇ ਸਾਲ ਅਪ੍ਰੈਲ ਵਿਚ ਹਿਜ਼ਬੁਲ ਮੁਜ਼ਾਹਿਦੀਨ ਨਾਲ ਜੁੜ ਗਿਆ ਸੀ। ਮੁਹੰਮਦ ਇਦਰੀਸ ਸੁਲਤਾਨ ਜੰਮੂ-ਕਸ਼ਮੀਰ ਲਾਈਟ ਇਨਫੇਂਟਰੀ ਰੇਜੀਮੈਂਟ ਦਾ ਜਵਾਨ ਸੀ। ਉਹ ਸ਼ੋਪੀਆਂ ਤੋਂ ਹੀ ਲਾਪਤਾ ਹੋਇਆ ਸੀ ਅਤੇ ਉਸ ਦੇ ਨਾਲ 2 ਸਥਾਨਕ ਨੌਜਵਾਨ ਵੀ ਲਾਪਤਾ ਹੋਏ ਸਨ। ਜਾਂਚ ਤੋਂ ਬਾਅਦ ਇਦਰੀਸ ਸੁਲਤਾਨ ਦੇ ਅਤਿਵਾਦੀ ਸੰਗਠਨ ਵਿਚ ਸ਼ਾਮਲ ਹੋਣ ਦਾ ਪਤਾ ਲਗਾ ਸੀ।

ਸੁਰੱਖਿਆ ਬਲਾਂ ਨੂੰ ਇਲਾਕੇ ਵਿਚ ਕੁਝ ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਖੋਜ ਮੁਹਿੰਮ ਸ਼ੁਰੂ ਕਰ ਦਿਤੀ। ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਲੁਕੇ ਹੋਏ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਤੇ ਫਾਇਰਿੰਗ ਸ਼ੁਰੂ ਕਰ ਦਿਤੀ ਜਿਸ ਨਾਲ ਮੁਠਭੇੜ ਸ਼ੁਰੂ ਹੋ ਗਈ। ਮੁਠਭੇੜ ਲਗਭਗ 10 ਘੰਟੇ ਤੱਕ ਚਲੀ। ਜ਼ਿਕਰਯੋਗ ਹੈ ਕਿ ਪਿਛਲੇ ਇਕ ਮਹੀਨੇ ਦੌਰਾਨ ਜੰਮੂ-ਕਸ਼ਮੀਰ ਵਿਖੇ ਇਨਕਾਉਂਟਰ ਦੌਰਾਨ 45 ਅਤਿਵਾਦੀ ਮਾਰੇ ਜਾ ਚੁੱਕੇ ਹਨ।