ਬੁਲੰਦਸ਼ਹਿਰ ਹਿੰਸਾ : ਸੀਐਮ ਯੋਗੀ ਵਲੋਂ ਸ਼ਹੀਦ ਸੁਬੋਧ ਦੇ ਪਰਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ
ਸੀਐਮ ਵਲੋਂ ਪਰਵਾਰ ਨੂੰ ਅਸਧਾਰਨ ਪੈਂਸ਼ਨ, ਇਕ ਮੈਂਬਰ ਨੂੰ ਨੌਕਰੀ ਦੇ ਨਾਲ ਸ਼ਹੀਦ ਸੁਬੋਧ ਦੇ ਨਾਮ 'ਤੇ ਜੈਥਰਾ ਕੁਰਾਵਲੀ ਸੜਕ ਦਾ ਨਾਮ ਰੱਖੇ ਜਾਣ ਬਾਰੇ ਵੀ ਗੱਲਬਾਤ ਕੀਤੀ ਗਈ ।
ਲਖਨਊ, ( ਭਾਸ਼ਾ ) : ਪੱਛਮੀ ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਭੀੜ ਦੀ ਹਿੰਸਾ ਦੇ ਸ਼ਿਕਾਰ ਹੋਏ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਪਰਵਾਰ ਨੇ ਮੁਖ ਮੰਤਰੀ ਆਦਿਤਿਆਨਾਥ ਯੋਗੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਸੀਐਮ ਯੋਗੀ ਨੇ ਪਰਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਜਤਾਇਆ। ਉਹਨਾਂ ਕਿਹਾ ਕਿ ਮਾਮਲੇ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸੀਐਮ ਵਲੋਂ ਪਰਵਾਰ ਨੂੰ ਅਸਧਾਰਨ ਪੈਂਸ਼ਨ, ਇਕ ਮੈਂਬਰ ਨੂੰ ਨੌਕਰੀ ਦੇ ਨਾਲ ਸ਼ਹੀਦ ਸੁਬੋਧ ਦੇ ਨਾਮ 'ਤੇ ਜੈਥਰਾ ਕੁਰਾਵਲੀ ਸੜਕ ਦਾ ਨਾਮ ਰੱਖੇ ਜਾਣ ਬਾਰੇ ਵੀ ਗੱਲਬਾਤ ਕੀਤੀ ਗਈ ।
ਇਸ ਦੇ ਨਾਲ ਹੀ ਸੁਬੋਧ ਸਿੰਘ ਦੇ ਬਕਾਇਆ ਹੋਮ ਲੋਨ ( ਲਗਭਗ ) 30 ਲੱਖ ਰੁਪਏ ਦੇ ਭੁਗਤਾਨ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਜਾਵੇਗਾ। ਇੰਸਪੈਕਟਰ ਸੁਬੋਧ ਸਿੰਘ ਦੇ ਬੇਟਿਆਂ ਦੀ ਪੜਾਈ-ਲਿਖਾਈ ਦਾ ਕਰਜ ਵੀ ਯੂਪੀ ਸਰਕਾਰ ਵੱਲੋਂ ਦਿਤਾ ਜਾਵੇਗਾ। ਡੀਜੀਪੀ ਓਪੀ ਸਿੰਘ ਨੇ ਉਹਨਾਂ ਦੇ ਬੱਚੇ ਦੀ ਸਿਵਲ ਸੇਵਾਵਾਂ ਦੀ ਕੋਚਿੰਗ ਵਿਚ ਮਦਦ ਦਾ ਵੀ ਭਰੋਸਾ ਦਿਤਾ। ਇਸ ਤੋਂ ਪਹਿਲਾਂ ਮੁਖ ਮੰਤਰੀ ਨੇ ਪਰਵਾਰ ਨੂੰ 50 ਲੱਖ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਸੀਐਮ ਯੋਗੀ ਨਾਲ ਮੁਲਾਕਾਤ ਦੌਰਾਨ ਇੰਸਪੈਕਟਰ ਸੁਬੋਧ ਸਿੰਘ ਦੀ ਪਤਨੀ ਰਜਨੀ, ਉਹਨਾਂ ਦੇ ਬੇਟੇ ਅਤੇ ਭੈਣ ਪੁੱਜੇ।
ਮੁਲਾਕਾਤ ਦੌਰਾਨ ਮੁਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਗੱਲ ਦਾ ਸਵਾਲ ਹੀ ਨਹੀਂ ਉਠਦਾ ਕਿ ਕੋਈ ਬਚ ਜਾਵੇਗਾ। ਉਹਨਾਂ ਕਿਹਾ ਕਿ ਸਾਡੀਆਂ ਤਿੰਨ-ਤਿੰਨ ਟੀਮਾਂ ਉਥੇ ਕੰਮ ਕਰ ਰਹੀਆਂ ਹਨ। ਸ਼ਹੀਦ ਇੰਸਪੈਕਟਰ ਦੀ ਪਤਨੀ ਨੇ ਇਸ ਤੋਂ ਪਹਿਲਾਂ ਦੋਸ਼ ਲਗਾਇਆ ਸੀ ਕਿ ਮੇਰੇ ਪਤੀ ਨੂੰ ਆਮ ਤੌਰ ਤੇ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ। ਉਹ ਅਖ਼ਲਾਕ ਕੇਸ ਦੀ ਜਾਂਚ ਕਰ ਰਹੇ ਸਨ।
ਦੱਸ ਦਈਏ ਕਿ ਬੀਤੇ ਸੋਮਵਾਰ ਬੁਲੰਦਸ਼ਹਿਰ ਦੇ ਚਿੰਗਰਾਵਟੀ ਪੁਲਿਸ ਚੌਂਕੀ 'ਤੇ ਭੀੜ ਦੀ ਹਿੰਸਾ ਤੋਂ ਬਾਅਦ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦਾ ਕਤਲ ਕਰ ਦਿਤਾ ਗਿਆ ਸੀ। ਜਦੋਂ ਉਹਨਾਂ ਦੀ ਲਾਸ਼ ਘਰ ਪੁੱਜੀ ਤਾਂ ਪਰਵਾਰ ਨੇ ਸਰਕਾਰ ਅਤੇ ਸੀਐਮ ਯੋਗੀ ਦੇ ਘਰ ਨਾ ਆਉਣ ਅਤੇ ਸੁਬੋਧ ਸਿੰਘ ਨੂੰ ਸ਼ਹੀਦ ਦਾ ਦਰਜਾ ਨਾ ਦਿਤੇ ਜਾਣ ਤੱਕ ਸੁਬੋਧ ਸਿੰਘ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿਤਾ ਸੀ। ਪੁਲਿਸ ਅਧਿਕਾਰੀਆਂ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਹੀ ਪਰਵਾਰ ਵਾਲੇ ਅੰਤਮ ਸੰਸਕਾਰ ਲਈ ਮੰਨੇ ਸਨ।