ਸਮੀਖਿਆ ਬੈਠਕ 'ਚ ਯੋਗੀ ਦਾ ਸਿਰਫ ਗਊ ਹੱਤਿਆ 'ਤੇ ਧਿਆਨ, ਇੰਸਪੈਕਟਰ ਦੀ ਮੌਤ 'ਤੇ ਇਕ ਸ਼ਬਦ ਵੀ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਮੰਗਲਵਾਰ ਨੂੰ ਬੁਲੰਦਸ਼ਹਿਰ ਵਿਚ ਗਊ ਹੱਤਿਆ ਦੇ ਸ਼ੱਕ ਵਿਚ ਹੋਈ ਭੀੜ ਦੀ ਹਿੰਸਾ ਉਤੇ ਸਮੀਖਿਅਕ ਬੈਠਕ ਕੀਤੀ

CM Yogi

ਬੁਲੰਦਸ਼ਹਿਰ (ਭਾਸ਼ਾ) : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਮੰਗਲਵਾਰ ਨੂੰ ਬੁਲੰਦਸ਼ਹਿਰ ਵਿਚ ਗਊ ਹੱਤਿਆ ਦੇ ਸ਼ੱਕ ਵਿਚ ਹੋਈ ਭੀੜ ਦੀ ਹਿੰਸਾ ਉਤੇ ਸਮੀਖਿਅਕ ਬੈਠਕ ਕੀਤੀ।  ਸਮੀਖਿਅਕ ਬੈਠਕ ਵਿਚ ਯੋਗੀ ਦਾ ਪੂਰਾ ਧਿਆਨ ਗਉ ਹੱਤਿਆ ਉਤੇ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਹਿੰਸਾ ਵਿਚ ਮਾਰੇ ਗਏ ਯੂਪੀ ਪੁਲਿਸ ਦੇ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਉਤੇ ਇਕ ਸ਼ਬਦ ਵੀ ਨਹੀਂ ਬੋਲਿਆ।

ਸੀ ਐਮ ਨੇ ਇਸ ਘਟਨਾ ਉਤੇ ਮੁੱਖ ਸਕੱਤਰ, ਡੀਜੀਪੀ , ਪ੍ਰਮੁੱਖ ਸਕੱਤਰ ਗ੍ਰਹਿ, ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਨਾਲ ਬੈਠਕ ਕੀਤੀ। ਬੈਠਕ  ਤੋਂ  ਬਾਅਦ ਇਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ, ਜਿਸ ਵਿਚ ਇੰਸਪੈਕਟਰ ਦਾ ਕਿਸੇ ਵੀ ਜਗ੍ਹਾਂ ਤੇ ਜ਼ਿਕਰ ਨਹੀਂ ਸੀ। ਨਾ ਹੀ ਇਸ ਵਿਚ ਹਿੰਸਾ ਅਤੇ ਪੁਲਿਸ ਸੁਰੱਖਿਆ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਗੱਲ ਕਹੀ ਗਈ ਹੈ। 

ਸੀ ਐਮ ਯੋਗੀ ਨੇ ਬੈਠਕ ਵਿਚ ਘਟਨਾ ਦੀ ਸਮੀਖਿਆ ਕਰ ਕੇ ਨਿਰਦੇਸ਼ ਦਿਤੇ  ਕਿ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਗਊ ਹੱਤਿਆ ਵਿਚ ਦਾਖਲ ਸਾਰੇ ਲੋਕਾਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾ ਇਕ ਬਹੁਤ ਵੱਡੀ ਸਾਜਿਸ਼ ਦਾ ਹਿੱਸਾ ਹੈ, ਇਸ ਲਈ ਗਊ ਹੱਤਿਆ ਦੇ ਮਾਮਲੇ ਵਿਚ ਸਿੱਧੇ ਅਤੇ ਅਸਿੱਧੇ ਰੂਪ ਵਿਚ ਸ਼ਾਮਿਲ ਸਾਰੇ ਲੋਕਾਂ ਨੂੰ ਸਮੇਂ 'ਤੇ ਗਿਰਫ਼ਤਾਰ ਕੀਤਾ ਜਾਵੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਹਿੰਸਾ ਵਿਚ ਮਰਨ ਵਾਲੇ ਜਵਾਨ ਸੁਮਿਤ ਦੇ ਪਰਵਾਰ ਵਾਲਿਆਂ ਨੂੰ ਮੁੱਖ ਮੰਤਰੀ ਰਾਹਤ ਫੰਡ ਤੋਂ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ। ਇਹ ਵੀ ਨਿਰਦੇਸ਼ ਦਿਤਾ ਗਿਆ ਕਿ ਇਕ ਮੁਹਿੰਮ ਚਲਾ ਕੇ ਮਾਹੌਲ ਖ਼ਰਾਬ ਕਰਨ ਵਾਲੇ ਵਿਅਕਤੀਆਂ ਨੂੰ ਬੇਨਕਾਬ ਕਰ ਕੇ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇ।

ਬੁਲੰਦਸ਼ਹਿਰ  ਦੇ ਇਕ ਪਿੰਡ ਵਿਚ ਖੇਤਾਂ ਵਿਚ ਕਥਿਤ ਰੂਪ ਤੋਂ ਗਾਂ ਦੇ ਸਰੀਰਕ ਅੰਗ ਮਿਲਣ ਤੋਂ ਬਾਅਦ ਹਿੰਸਾ ਭੜਕ ਗਈ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਭੀੜ ਨਹੀਂ ਮੰਨੀ ਅਤੇ ਭੀੜ ਨੇ ਪੁਲਿਸ ਉਤੇ ਹੀ ਹਮਲਾ ਕਰ ਦਿਤਾ। ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੀ ਭੀੜ ਦੇ ਇਸ ਹਮਲੇ ਵਿਚ ਮੌਤ ਹੋ ਗਈ।

ਇਸ ਤੋਂ ਇਲਾਵਾ ਇਕ ਸੁਮਿਤ ਨਾਮ ਦੇ ਜਵਾਨ ਦੀ ਵੀ ਇਸ ਵਿਚ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਐਫਆਈਆਰ ਦਰਜ ਕਰ ਕੇ ਕਾਰਵਾਈ ਕਰ ਦਿਤੀ ਹੈ। ਪੁਲਿਸ ਨੇ 27 ਲੋਕਾਂ ਨੂੰ ਨਾਮਜ਼ਦ ਕੀਤਾ ਅਤੇ 50-60 ਅਣਪਛਾਤੇ ਲੋਕਾਂ ਵਿਰੁਧ ਐਫਆਈਆਰ ਦਰਜ਼ ਕੀਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਕਰੀਬ ਚਾਰ ਲੋਕਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।

Related Stories