ਕੇਂਦਰੀ ਮੰਤਰੀ ਦਾ ਬਿਆਨ , 'ਮੈਨੂੰ ਨਹੀਂ ਲਗਦਾ ਕਿ ਅਸਲੀ ਕਿਸਾਨਾਂ ਨੂੰ ਇਸ ਕਾਨੂੰਨ ਤੋਂ ਪਰੇਸ਼ਾਨੀ ਹੈ'
ਮੈਨੂੰ ਯਕੀਨ ਹੈ ਕਿਸਾਨ ਕਦੀ ਅਜਿਹਾ ਫੈਸਲਾ ਨਹੀਂ ਲੈਣਗੇ ਜਿਸ ਨਾਲ ਦੇਸ਼ 'ਚ ਅਸ਼ਾਂਤੀ ਫੈਲੇ- ਖੇਤੀਬਾੜੀ ਰਾਜ ਮੰਤਰੀ
ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਅਨੁਸਾਰ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਐਮਐਸਪੀ ਜਾਰੀ ਰਹੇਗਾ। ਇਸ ਦੇ ਲਈ ਉਹ ਲਿਖਤੀ ਭਰੋਸਾ ਦੇ ਸਕਦੇ ਹਨ। ਕੈਲਾਸ਼ ਚੌਧਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਾਂਗਰਸ ਤੇ ਵਿਰੋਧੀ ਧਿਰ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਹਨਾਂ ਕਿਹਾ ਦੇਸ਼ ਦੇ ਕਿਸਾਨ ਕਾਨੂੰਨਾਂ ਦੇ ਹੱਕ ਵਿਚ ਹਨ ਪਰ ਸਿਆਸੀ ਲੋਕ ਉਹਨਾਂ ਨੂੰ ਭੜਕਾ ਰਹੇ ਹਨ। ਕੈਲਾਸ਼ ਚੌਧਰੀ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਤੇ ਕਿਸਾਨਾਂ 'ਤੇ ਪੂਰਾ ਯਕੀਨ ਹੈ। ਮੈਨੂੰ ਯਕੀਨ ਹੈ ਕਿ ਕਿਸਾਨ ਕਦੇ ਵੀ ਅਜਿਹਾ ਫੈਸਲਾ ਨਹੀਂ ਲੈਣਗੇ ਜਿਸ ਨਾਲ ਦੇਸ਼ ਵਿਚ ਕਿਤੇ ਵੀ ਅਸ਼ਾਂਤੀ ਫੈਲ ਜਾਵੇ।
ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਕਾਨੂੰਨਾਂ ਨੇ ਕਿਸਾਨਾਂ ਨੂੰ ਆਜ਼ਾਦੀ ਦਿੱਤੀ ਹੈ। ਮੈਨੂੰ ਨਹੀਂ ਲਗਦਾ ਕਿ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨੂੰ ਇਸ ਨਾਲ ਜ਼ਿਆਦਾ ਫਰਕ ਪੈ ਰਿਹਾ ਹੈ। ਕੈਲਾਸ਼ ਚੌਧਰੀ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਮੁੱਦੇ 'ਤੇ ਕਿਵੇਂ ਸਿਆਸਤ ਕੀਤੀ ਜਾ ਰਹੀ ਹੈ ਅਤੇ ਸਿਆਸੀ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕ ਕਿਸਾਨਾਂ ਨੂੰ ਭਰਮਾ ਰਹੇ ਹਨ।'