ਕਿਸਾਨਾਂ ਦੇ ਸਮਰਥਨ 'ਚ ਪ੍ਰਦਰਸ਼ਨ ਕਰਨ ਲਈ ਤੇਜਸਵੀ ਯਾਦਵ ਸਮੇਤ 500 ਲੋਕਾਂ 'ਤੇ ਮਾਮਲਾ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿੰਮਤ ਹੈ ਤਾਂ ਗ੍ਰਿਫ਼ਤਾਰ ਕਰਕੇ ਦਿਖਾਓ, ਕਿਸਾਨਾਂ ਲਈ ਜੇ ਫਾਂਸੀ ਵੀ ਦੇਣੀ ਹੈ ਤਾਂ ਦੇ ਦਿਓ- ਤੇਜਸਵੀ ਯਾਦਵ

Case registered against Tejashwi Yadav

ਪਟਨਾ: ਬਿਹਾਰ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਰਾਜਦ (ਆਰਜੇਡੀ) ਦੇ ਆਗੂ ਤੇਜਸਵੀ ਯਾਦਵ ਸਮੇਤ 500 ਤੋਂ ਵੱਧ ਲੋਕਾਂ 'ਤੇ ਕਿਸਾਨਾਂ ਦੇ ਸਮਰਥਨ ਵਿਚ ਵਿਰੋਧ ਪ੍ਰਦਰਸ਼ਨ ਕਰਨ ਲਈ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ 'ਤੇ ਪ੍ਰਸ਼ਾਸਨ ਦੀ ਆਗਿਆ ਤੋਂ ਬਿਨਾਂ ਗਾਂਧੀ ਮੈਦਾਨ ਦੇ ਨੇੜੇ ਇਕੱਠੇ ਹੋਣ ਦਾ ਦੋਸ਼ ਹੈ। ਪ੍ਰਸ਼ਾਸਨ ਨੇ ਉਹਨਾਂ ਖਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਮਹਾਂਮਾਰੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੈ।

ਤੇਜਸਵੀ ਯਾਦਵ ਤੋਂ ਇਲਾਵਾ ਰਾਜਦ ਦੇ 18 ਨੇਤਾਵਾਂ ਨੂੰ ਨਾਮਜ਼ਦ ਕੀਤਾ ਗਿਆ ਹੈ। 500 ਹੋਰ ਲੋਕਾਂ ਉੱਤੇ ਵੀ ਮੀਟਿੰਗ ਵਿਚ ਹਾਜ਼ਰ ਹੋ ਕੇ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਐਫਆਈਆਰ ਦਰਜ ਕਰਨ 'ਤੇ ਤੇਜਸਵੀ ਨੇ ਨਿਤੀਸ਼ ਕੁਮਾਰ ਦੀ ਸਰਕਾਰ ਨੂੰ ਇਕ ਨਿਕੰਮੀ, ਕਾਇਰ ਅਤੇ ਡਰਪੋਕ ਸਰਕਾਰ ਕਿਹਾ ਹੈ।

 

 

ਉਹਨਾਂ ਲਿਖਿਆ ਹੈ, “ਡਰਪੋਕ ਤੇ ਬੰਧਕ ਮੁੱਖ ਮੰਤਰੀ ਦੀ ਅਗਵਾਈ ਵਿਚ ਚੱਲ ਰਹੀ ਬਿਹਾਰ ਦੀ ਕਾਇਰ ਤੇ ਨਿਕੰਮੀ ਸਰਕਾਰ ਨੇ ਕਿਸਾਨਾਂ ਦੇ ਪੱਖ ਵਿਚ ਆਵਾਜ਼ ਉਠਾਉਣ ਦੇ ਜ਼ੁਰਮ ਵਿਚ ਸਾਡੇ 'ਤੇ ਐਫਆਈਆਰ ਦਰਜ ਕੀਤੀ ਹੈ। ਦਮ ਹੈ ਤਾਂ ਗ੍ਰਿਫ਼ਤਾਰ ਕਰੋ, ਜੇਕਰ ਨਹੀਂ ਕਰੋਗੇ ਤਾਂ ਇੰਤਜ਼ਾਰ ਬਾਅਦ ਖੁਦ ਗ੍ਰਿਫ਼ਤਾਰੀ ਦੇਵਾਂਗਾ। ਕਿਸਾਨਾਂ ਦੇ ਲਈ ਐਫਆਈਆਰ ਤਾਂ ਕੀ ਜੇਕਰ ਫਾਂਸੀ ਵੀ ਦੇਣੀ ਹੈ ਤਾਂ ਦਿਓ'।

ਇਸ ਤੋਂ ਪਹਿਲਾਂ ਤੇਜਸਵੀ ਯਾਦਵ ਨੇ ਪਟਨਾ ਦੇ ਗਾਂਧੀ ਮੈਦਾਨ ਖੇਤੀ ਕਾਨੂੰਨਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਤੇ ਕਿਹਾ, 'ਤਿੰਨ ਨਵੇਂ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ। ਸਾਡੀ ਮੰਗ ਹੈ ਕਿ ਜੋ ਕਿਸਾਨ ਸੜਕਾਂ 'ਤੇ ਅੰਦੋਲਨ ਕਰ ਰਹੇ ਹਨ, ਉਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ, ਅਸੀਂ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਹਾਂ'।