ਤੇਲ ਕੀਮਤਾਂ ’ਚ ਵਾਧੇ ਦਾ ਰੁਝਾਨ ਜਾਰੀ, ਦੋ ਸਾਲ ਦੇ ਸਿਖਰਲੇ ਪੱਧਰ ’ਤੇ ਪੁਜੀ ਕੀਮਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਟਰੌਲ 28 ਪੈਸੇ, ਡੀਜ਼ਲ 29 ਪੈਸੇ ਪ੍ਰਤੀ ਲੀਟਰ ਹੋਰ ਮਹਿੰਗਾ

Oil Prices

ਨਵੀਂ ਦਿੱਲੀ : ਪਟਰੌਲ ਕੀਮਤਾਂ ਵਿਚ ਐਤਵਾਰ ਨੂੰ 28 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਉਥੇ ਹੀ ਡੀਜ਼ਲ ਦੀ ਕੀਮਤ 29 ਪੈਸੇ ਪ੍ਰਤੀ ਲੀਟਰ ਵਧਾਈ ਗਈ ਹੈ। ਇਸ ਤਰ੍ਹਾਂ ਵਾਹਨ ਤੇਲ ਕੀਮਤਾਂ ਵਿਚ ਲਗਾਤਾਰ ਪੰਜਵੇਂ ਦਿਨ ਵਾਧਾ ਹੋਇਆ ਹੈ। 

ਆਲਮੀ ਪੱਧਰ ’ਤੇ ਕੱਚੇ ਤੇਲ ਦੀ ਕੀਮਤ ਵਿਚ ਵਾਧੇ ਨਾਲ ਘਰੇਲੂ ਬਾਜ਼ਾਰ ਵਿਚ ਵੀ ਵਾਹਨ ਤੇਲ ਮਹਿੰਗਾ ਹੋਇਆ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਐਤਵਾਰ ਨੂੰ ਲਗਾਤਾਰ ਪੰਜਵੇਂ ਦਿਨ ਪਟਰੌਲ ਅਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਹੈ।

ਕੰਪਨੀਆਂ ਦੀ ਮੁੱਲ ਸੂਚਨਾ ਅਨੁਸਾਰ ਇਸ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ਵਿਚ ਪਟਰੌਲ 83.13 ਰੁਪਏ ਤੋਂ ਵੱਧ ਕੇ 83.41 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸੇ ਤਰ੍ਹਾਂ ਡੀਜ਼ਲ ਦਾ ਮੁੱਲ ਵੱਧ ਕੇ 73.32 ਰੁਪਏ ਤੋਂ 73.61 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੁੰਬਈ ਵਿਚ ਅੱਜ ਪਟਰੌਲ 90 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਚਲਾ ਗਿਆ ਤੇ ਡੀਜ਼ਲ 80 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਹੋ ਗਿਆ ਹੈ। ਸਤੰਬਰ 2018 ਤੋਂ ਬਾਅਦ ਹੁਣ ਵਾਹਨ ਤੇਲ ਦੀ ਕੀਮਤ ਸੱਭ ਤੋਂ ਉਚੇ ਪੱਧਰ ’ਤੇ ਹੈ।

ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਅੱਜ ਪਟਰੌਲ 28 ਪੈਸੇ ਅਤੇ ਡੀਜ਼ਲ ਵਿਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਚੇਨਈ ਵਿਚ ਕੀਮਤਾਂ ਕ੍ਰਮਵਾਰ 86.21 ਅਤੇ 78.93 ਪ੍ਰਤੀ ਲੀਟਰ ਹਨ। ਕੋਲਕਾਤਾ ਵਿਚ ਪਟਰੌਲ ਦੀ ਕੀਮਤ ਵਧਾ ਕੇ 84.86 ਰੁਪਏ ਅਤੇ ਡੀਜ਼ਲ 77.15 ਰੁਪਏ ਪ੍ਰਤੀ ਲੀਟਰ ਕਰ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਦੋ ਮਹੀਨਿਆਂ ਤਕ ਪਟਰੌਲੀਅਮ ਕੰਪਨੀਆਂ ਨੇ ਕੀਮਤਾਂ ਵਿਚ ਸੋਧ ਨਹੀਂ ਕੀਤੀ ਸੀ।