ਤੇਲ ਕੀਮਤਾਂ 'ਚ ਵਾਧੇ 'ਤੇ ਪਹਿਲਾਂ ਕੇਂਦਰ ਨੂੰ ਅਲਵਿਦਾ ਆਖੋ, ਫਿਰ ਵੈਟ 'ਚ ਵਾਧੇ ਵਿਰੁਧ ਪ੍ਰਦਰਸ਼ਨ ਕਰੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕੈਪਟਨ ਅਮਰਿੰਦਰ ਸਿੰਘ ਦਾ ਸੁਖਬੀਰ ਨੂੰ ਜਵਾਬ

Amrinder Singh with Sukhbir Badal

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਭਾਜਪਾ ਵਿਚ ਅਪਣੇ ਸਿਆਸੀ ਆਕਾਵਾਂ ਦੇ ਇਸ਼ਾਰਿਆਂ 'ਤੇ ਨੱਚਣਾ ਬੰਦ ਕਰਨ ਦੀ ਨਸੀਹਤ ਦਿੰਦਿਆਂ ਆਖਿਆ ਕਿ ਸੁਖਬੀਰ ਬਾਦਲ ਨੂੰ ਤੇਲ 'ਤੇ ਵੈਟ ਵਧਾਉਣ ਬਾਰੇ ਸੂਬਾ ਸਰਕਾਰ ਦੇ ਫ਼ੈਸਲੇ ਵਿਰੁਧ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਕੇਂਦਰ ਨਾਲੋਂ ਗਠਜੋੜ ਤੋੜ ਲੈਣ ਦੀ ਹਿੰਮਤ ਕਰਨੀ ਚਾਹੀਦੀ ਹੈ। ਸੁਖਬੀਰ ਵਲੋਂ ਵੈਟ ਵਾਧੇ 'ਤੇ ਸਮਾਜਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕੀਤੇ ਰੋਸ ਪ੍ਰਦਰਸ਼ਨ ਉਤੇ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਪੰਜਾਬ ਦੇ ਲੋਕਾਂ ਦੀ ਜਾਨ ਜੋਖਮ ਵਿਚ ਪਾ ਕੇ ਰਾਜਨੀਤੀ ਤੋਂ ਪ੍ਰੇਰਿਤ ਕਦਮ ਚੁੱਕਣ ਦੀ ਬਜਾਏ ਕੇਂਦਰ ਸਰਕਾਰ 'ਤੇ ਤੇਲ ਕੀਮਤਾਂ ਘਟਾਉਣ ਲਈ ਦਬਾਅ ਬਣਾਉਣਾ ਚਾਹੀਦਾ ਹੈ

ਕਿਉਂਕਿ ਦੇਸ਼ ਵਿਚ ਅਨਲਾਕ 1.0 ਦੀ ਸ਼ੁਰੂਆਤ ਤੋਂ ਹੀ ਕੇਂਦਰ ਸਰਕਾਰ ਨੇ ਪਟਰੌਲ ਤੇ ਡੀਜ਼ਲ ਕੀਮਤਾਂ ਵਿਚ ਕਈ ਗੁਣਾ ਵਾਧਾ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਦੇਸ਼ ਵਾਸੀਆਂ ਨੂੰ ਹੋਰ ਵੀ ਰੜਕਦਾ ਹੈ ਕਿਉਂਕਿ ਇਹ ਵਾਧਾ ਕੌਮਾਂਤਰੀ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਵਰਨਣਯੋਗ ਗਿਰਾਵਟ ਦੇ ਬਾਵਜੂਦ ਕੀਤਾ ਗਿਆ। ਮੁੱਖ ਮੰਤਰੀ ਨੇ ਦਸਿਆ ਕਿ ਸਾਲ 2016 ਤੋਂ ਐਨ.ਡੀ.ਏ. ਸਰਕਾਰ ਜਿਸ ਵਿਚ ਅਕਾਲੀ ਦਲ ਵੀ ਭਾਈਵਾਲ ਹੈ, ਨੇ ਡੀਜ਼ਲ 'ਤੇ ਟੈਕਸਾਂ ਵਿਚ 900 ਫ਼ੀ ਸਦੀ ਅਤੇ ਪਟਰੌਲ 'ਤੇ 700 ਫ਼ੀ ਸਦੀ ਵਾਧਾ ਕੀਤਾ ਹੈ। ਉਨ੍ਹਾਂ ਦਸਿਆ ਕਿ ਭਾਰਤ ਵਿਚ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਹੁਣ ਵਿਸ਼ਵ ਵਿਚ ਸੱਭ ਤੋਂ ਉਪਰ ਪਹੁੰਚ ਗਈਆਂ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਹੋਰ ਸਾਰੇ ਕੇਂਦਰੀ ਕਰਾਂ ਵਿਚ ਸੂਬੇ ਦਾ 42 ਫ਼ੀ ਸਦੀ ਹਿੱਸਾ ਹੈ ਜਦਕਿ ਪੈਟਰੋਲੀਅਮ ਉਤਪਾਦਾਂ 'ਤੇ ਆਬਕਾਰੀ ਨਹੀਂ ਸੈੱਸ ਜ਼ਰੀਏ ਟੈਕਸ ਵਧਾਇਆ ਜਾਂਦਾ ਹੈ ਜਿਸ ਕਰਕੇ ਸੂਬੇ ਆਪਣੇ ਹਿੱਸੇ ਤੋਂ ਵਿਰਵੇ ਰਹਿ ਜਾਂਦੇ ਹਨ ਅਤੇ ਜੂਨ, 2020 ਵਿਚ ਤੇਲ ਵਾਧੇ ਦੇ ਲਗਾਤਾਰ 22 ਦਿਨਾਂ ਤੋਂ ਇਕੱਤਰ ਹੋਏ 2 ਲੱਖ ਕਰੋੜ ਤੋਂ ਵੱਧ ਦਾ ਸਮੁੱਚਾ ਮਾਲੀਆ ਕੇਂਦਰ ਦੇ ਖ਼ਜ਼ਾਨੇ ਵਿਚ ਜਾ ਰਿਹਾ ਸੀ। ਮੁੱਖ ਮੰਤਰੀ ਨੇ ਕਿਹਾ, ''ਅਸੀਂ ਵੈਟ ਵਿੱਚ ਇਕੋ ਵਾਧੇ ਨਾਲ ਜੋ ਕਮਾਈ ਕੀਤੀ ਹੈ, ਕੇਂਦਰ ਵਲੋਂ ਜੂਨ ਮਹੀਨੇ ਵਿਚ ਤੇਲ ਕੀਮਤਾਂ ਵਿਚ ਹੋਏ ਇਜ਼ਾਫ਼ੇ ਨਾਲ ਕੀਤੀ ਕਮਾਈ ਦੀ ਤੁਲਨਾ ਵਿਚ ਕੁੱਝ ਵੀ ਨਹੀਂ।''

ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਪਹਿਲਾਂ ਉਹ ਕੇਂਦਰ ਸਰਕਾਰ ਨੂੰ ਕੀਮਤਾਂ 'ਚ ਵਾਧਾ ਵਾਪਸ ਲੈਣ ਲਈ ਆਖੇ ਜਿਸ ਦਾ ਉਨ੍ਹਾਂ ਤੋਂ ਇਲਾਵਾ ਕਿਸੇ ਨੂੰ ਵੀ ਫ਼ਾਇਦਾ ਨਹੀਂ ਹੋਇਆ। ਪਟਰੌਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਬਾਰੇ ਸੁਖਬੀਰ ਵਲੋਂ ਕੀਤੇ ਦਾਅਵੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਥੋਂ ਪਤਾ ਲਗਦਾ ਹੈ ਕਿ ਕੇਂਦਰ ਸਰਕਾਰ ਉਸ ਦੇ ਹੀ ਭਾਈਵਾਲ ਵਲੋਂ ਉਠਾਏ ਮੁੱਦੇ ਨੂੰ ਬਹੁਤੀ ਤਵੱਜੋਂ ਨਹੀਂ ਦਿੰਦੀ ਜਿਸ ਕਰ ਕੇ ਅਕਾਲੀ ਦਲ ਨੂੰ ਇਕ ਦਿਨ ਵੀ ਗਠਜੋੜ 'ਚ ਨਹੀਂ ਰਹਿਣਾ ਚਾਹੀਦਾ।

ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਸਵੈ-ਗ਼ੈਰਤ ਵਾਲੀ ਸਿਆਸੀ ਪਾਰਟੀ ਜੋ ਅਸਲ ਮਾਅਨਿਆਂ ਵਿਚ ਅਪਣੇ ਲੋਕਾਂ ਦੇ ਹਿਤਾਂ ਨੂੰ ਪ੍ਰਣਾਈ ਹੋਵੇ, ਬਹੁਤ ਪਹਿਲਾਂ ਹੀ ਕੇਂਦਰ ਸਰਕਾਰ ਨਾਲੋਂ ਨਾਤਾ ਤੋੜ ਲੈਂਦੀ ਪਰ ਸੱਤਾ ਦੀ ਅੰਨ੍ਹੀ ਲਾਲਸਾ ਵਿਚ ਨਾ ਤਾਂ ਸੁਖਬੀਰ ਬਾਦਲ ਅਤੇ ਨਾ ਹੀ ਹਰਸਿਮਰਤ ਕੌਰ ਬਾਦਲ ਜੋ ਕੇਂਦਰੀ ਵਜ਼ਾਰਤ ਵਿਚ ਮੰਤਰੀ ਹੈ, ਕਦੇ ਅਜਿਹਾ ਕਰਨ ਬਾਰੇ ਸੋਚਣਗੇ। ਇਹ ਆਖਦਿਆਂ ਕਿ ਲੋਕਾਂ ਦੇ ਹਿਤਾਂ ਦੀ ਅਸਲ ਵਿਚ ਪ੍ਰਵਾਹ ਕਰਨ ਅਤੇ ਅਜਿਹਾ ਕਰਨ ਦਾ ਕੇਵਲ ਦਿਖਾਵਾ ਕਰਨ 'ਚ ਵੱਡਾ ਫ਼ਰਕ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ, ਜੋ ਸ਼੍ਰੋਮਣੀ ਅਕਾਲੀ ਦਲ ਨਾਲੋਂ ਮੁਕੰਮਲ ਰੂਪ ਵਿਚ ਟੁੱਟ ਚੁੱਕੇ ਹਨ, ਦਾ ਸਮਰਥਨ ਦੁਬਾਰਾ ਹਾਸਲ ਕਰਨ ਲਈ ਸੁਖਬੀਰ ਦੀਆਂ ਨਿਰਾਸ਼ ਕੋਸ਼ਿਸ਼ਾਂ ਸਫ਼ਲ ਨਹੀਂ ਹੋਣਗੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।