ਇਨਸਟਾਗ੍ਰਾਮ 'ਤੇ ਤੇਜ਼ਾਬ ਹਮਲੇ ਦੀ ਧਮਕੀ ਦੇਣ ਵਾਲਾ ਮੁਲਜ਼ਮ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ਰਜ਼ੀ ਇਨਸਟਾਗ੍ਰਾਮ ਪ੍ਰੋਫ਼ਾਈਲ ਬਣਾ ਕੇ ਔਰਤਾਂ ਨੂੰ ਭਰਮਾਉਂਦਾ ਸੀ ਮੁਲਜ਼ਮ 

Image

 

ਨਵੀਂ ਦਿੱਲੀ - ਦਿੱਲੀ ਵਿੱਚ ਕਈ ਔਰਤਾਂ ਵੱਲੋਂ ਮਿਲਣ ਲਈ ਆਉਣ ਇਨਕਾਰ ਕਰਨ 'ਤੇ ਤੇਜ਼ਾਬ ਨਾਲ ਹਮਲਾ ਕਰਨ, ਅਤੇ ਉਨ੍ਹਾਂ ਦੇ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਇੱਕ 24 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਅਮਨ ਯਾਦਵ ਨੇ ਕਰੀਬ ਡੇਢ ਸਾਲ ਪਹਿਲਾਂ ਇੱਕ ਫ਼ਰਜ਼ੀ ਇਨਸਟਾਗ੍ਰਾਮ ਪ੍ਰੋਫਾਈਲ ਬਣਾਇਆ ਸੀ, ਅਤੇ ਲਗਭਗ 1,100 ਫਾਲੋਅਰਜ਼ ਇਕੱਠੇ ਕੀਤੇ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਸਨ।

ਪੁਲਿਸ ਨੇ ਦੱਸਿਆ ਕਿ ਫ਼ਰਜ਼ੀ ਪ੍ਰੋਫਾਈਲ ਤੋਂ ਉਹ ਔਰਤਾਂ ਨੂੰ ਸੰਦੇਸ਼ ਭੇਜਦਾ ਸੀ ਅਤੇ ਮਿਲਣ ਲਈ ਸੱਦਾ ਦਿੰਦਾ ਸੀ। ਅਜਿਹਾ ਨਾ ਕਰਨ 'ਤੇ ਉਨ੍ਹਾਂ 'ਤੇ ਤੇਜ਼ਾਬ ਨਾਲ ਹਮਲਾ ਕਰਨ ਦੀ ਧਮਕੀ ਦਿੰਦਾ ਸੀ ਅਤੇ 'ਅਸ਼ਲੀਲ ਵੀਡੀਓ' ਜਨਤਕ ਕਰਨ ਦੀ ਧਮਕੀ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਫ਼ਰਸ਼ ਬਾਜ਼ਾਰ ਇਲਾਕੇ 'ਚ ਰਹਿਣ ਵਾਲੀ ਇੱਕ ਔਰਤ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।

ਔਰਤ ਨੇ ਦੋਸ਼ ਲਾਇਆ ਕਿ 27 ਨਵੰਬਰ ਨੂੰ ਉਸ ਨੂੰ ਆਪਣੇ ਇਨਸਟਾਗ੍ਰਾਮ 'ਤੇ ਅੰਸ਼ਿਕਾ ਸ਼ਰਮਾ 188 ਨਾਂਅ ਦੇ ਉਪਭੋਗਤਾ ਤੋਂ ਤੇਜ਼ਾਬ ਹਮਲਾ ਕਰਨ, ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਮਿਲੀ। 

ਡਿਪਟੀ ਕਮਿਸ਼ਨਰ ਪੁਲਿਸ ਆਰ. ਸਤਿਆਸੁੰਦਰਮ ਨੇ ਕਿਹਾ ਕਿ ਉਕਤ ਇਨਸਟਾਗ੍ਰਾਮ ਅਕਾਉਂਟ ਅਤੇ ਕੁਝ ਕਾਲ ਰਿਕਾਰਡਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ, ਜੋ ਕਥਿਤ ਤੌਰ 'ਤੇ ਯਾਦਵ ਦੁਆਰਾ ਚਲਾਇਆ ਜਾਂਦਾ ਸੀ।

ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਸੁਭਾਸ਼ ਨਗਰ 'ਚ ਛਾਪੇਮਾਰੀ ਕਰ ਕੇ ਯਾਦਵ ਨੂੰ ਗ੍ਰਿਫਤਾਰ ਕੀਤਾ ਹੈ।