ਲਖੀਮਪੁਰ ਖੀਰੀ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਸਣੇ 14 ਖ਼ਿਲਾਫ਼ ਦੋਸ਼ ਆਇਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਸਰਕਾਰੀ ਵਕੀਲ ਨੂੰ 16 ਦਸੰਬਰ ਨੂੰ ਅਦਾਲਤ ਵਿਚ ਸਬੂਤ ਪੇਸ਼ ਕਰਨ ਲਈ ਕਿਹਾ ਹੈ।

Court frames charges against Ashish Mishra and 13 others

 

ਲਖੀਮਪੁਰ ਖੇੜੀ: ਅਕਤੂਬਰ 2021 ਵਿਚ ਲਖੀਮਪੁਰ ਖੇੜੀ ਦੇ ਤਿਕੋਨੀਆ ਵਿਚ ਹੋਈ ਹਿੰਸਾ ਦੇ ਸਬੰਧ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ 14 ਮੁਲਜ਼ਮਾਂ ਖ਼ਿਲਾਫ਼ ਮੰਗਲਵਾਰ ਨੂੰ ਲਖੀਮਪੁਰ ਖੇੜੀ ਅਦਾਲਤ ਵਿਚ ਦੋਸ਼ ਆਇਦ ਕੀਤੇ ਗਏ। ਸਰਕਾਰ ਦੇ ਵਕੀਲ ਅਰਵਿੰਦ ਤ੍ਰਿਪਾਠੀ ਨੇ ਦੱਸਿਆ ਕਿ ਵਧੀਕ ਜ਼ਿਲ੍ਹਾ ਜੱਜ ਸੁਨੀਲ ਕੁਮਾਰ ਵਰਮਾ ਦੀ ਅਦਾਲਤ ਵਿਚ ਤਿਕੋਨੀਆ ਮਾਮਲੇ ਵਿਚ ਅਸ਼ੀਸ਼ ਮਿਸ਼ਰਾ ਸਮੇਤ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ।

ਤ੍ਰਿਪਾਠੀ ਨੇ ਦੱਸਿਆ ਕਿ ਜਿਨ੍ਹਾਂ ਦੋਸ਼ੀਆਂ 'ਤੇ ਦੋਸ਼ ਆਇਦ ਕੀਤੇ ਗਏ ਹਨ, ਉਹਨਾਂ 'ਚ ਆਸ਼ੀਸ਼ ਮਿਸ਼ਰਾ ਦੇ ਨਾਲ-ਨਾਲ ਅੰਕਿਤ ਦਾਸ, ਨੰਦਨ ਸਿੰਘ ਬਿਸ਼ਟ, ਲਤੀਫ ਕਾਲੇ, ਸਤਿਅਮ ਉਰਫ ਸਤਿਆ ਪ੍ਰਕਾਸ਼ ਤ੍ਰਿਪਾਠੀ, ਸ਼ੇਖਰ ਭਾਰਤੀ, ਸੁਮਿਤ ਜੈਸਵਾਲ, ਆਸ਼ੀਸ਼ ਪਾਂਡੇ, ਲਵਕੁਸ਼ ਰਾਣਾ, ਸ਼ਿਸ਼ੂਪਾਲ, ਉਲਾਸ ਕੁਮਾਰ ਉਰਫ ਮੋਹਿਤ, ਤ੍ਰਿਵੇਦੀ, ਰਿੰਕੂ ਰਾਣਾ, ਵਰਿੰਦਰ ਸ਼ੁਕਲਾ ਅਤੇ ਧਰਮਿੰਦਰ ਬੰਜਾਰਾ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਵਰਿੰਦਰ ਸ਼ੁਕਲਾ 'ਤੇ ਭਾਰਤੀ ਦੰਡਾਵਲੀ ਦੀ ਧਾਰਾ 201 ਤਹਿਤ ਦੋਸ਼ ਆਇਦ ਕੀਤੇ ਗਏ ਹਨ। ਬਾਕੀ ਦੋਸ਼ੀਆਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 147, 148, 149, 302, 307, 326, 427 ਅਤੇ 120 (ਬੀ) ਅਤੇ ਮੋਟਰ ਵਹੀਕਲ ਐਕਟ ਦੀ ਧਾਰਾ 177 ਦੇ ਤਹਿਤ ਦੋਸ਼ ਲਗਾਏ ਗਏ ਹਨ।

ਤ੍ਰਿਪਾਠੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਸ਼ੀਸ਼ ਮਿਸ਼ਰਾ, ਅੰਕਿਤ ਦਾਸ, ਨੰਦਨ ਸਿੰਘ ਬਿਸ਼ਟ, ਸੱਤਿਆ ਪ੍ਰਕਾਸ਼ ਤ੍ਰਿਪਾਠੀ, ਲਤੀਫ ਕਾਲੇ ਅਤੇ ਸੁਮਿਤ ਜੈਸਵਾਲ ਖ਼ਿਲਾਫ਼ ਵੀ ਆਰਮਜ਼ ਐਕਟ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਅਦਾਲਤ ਨੇ ਸਰਕਾਰੀ ਵਕੀਲ ਨੂੰ 16 ਦਸੰਬਰ ਨੂੰ ਅਦਾਲਤ ਵਿਚ ਸਬੂਤ ਪੇਸ਼ ਕਰਨ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ 3 ਅਕਤੂਬਰ 2021 ਨੂੰ ਤਿਕੋਨੀਆ ਪਿੰਡ 'ਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ 'ਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਨੂੰ ਕਾਰ ਨਾਲ ਕੁਚਲ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੀਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ।