ਸੁਲੇਮਾਨੀ ਹੱਤਿਆ ਦਾ ਬਦਲਾ : ਈਰਾਨ ਨੇ ਅਮਰੀਕੀ ਸੁਰੱਖਿਆ ਬਲਾਂ ਨੂੰ ਐਲਾਨਿਆ 'ਅਤਿਵਾਦੀ'

ਏਜੰਸੀ

ਖ਼ਬਰਾਂ, ਰਾਸ਼ਟਰੀ

ਇਰਾਨੀ ਸੰਸਦ 'ਚ ਪਾਸ ਹੋਇਆ ਬਿੱਲ

file photo

ਤੇਹਰਾਨ : ਈਰਾਨ ਦੇ ਮੁੱਖ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਹਤਿਆ ਤੋਂ ਬਾਅਦ ਈਰਾਨ-ਅਮਰੀਕਾ ਵਿਚਾਲੇ ਤਣਾਅ ਵਧਦਾ ਹੀ ਜਾ ਰਿਹਾ ਹੈ। ਇਸ ਵਿਵਾਦ 'ਤੇ ਦੁਨੀਆਂ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਈਰਾਨ ਅੰਦਰ ਗੁੱਸੇ ਦੀ ਲਹਿਰ ਚਰਮ ਸੀਮਾਂ 'ਤੇ ਹੈ। ਗੁੱਸੇ 'ਚ ਅੱਗ-ਬਬੂਲਾ ਹੋਏ ਈਰਾਨ ਨੇ ਹੁਣ ਅਮਰੀਕਾ ਦੇ ਸੁਰੱਖਿਆ ਬਲਾਂ ਨੂੰ ਅਤਿਵਾਦੀ ਐਲਾਨ ਦਿਤਾ ਹੈ।

ਇਸ ਸਬੰਧੀ ਮੰਗਲਵਾਰ ਨੂੰ ਇਰਾਨੀ ਸੰਸਦ 'ਚ ਇਕ ਬਿੱਲ ਪਾਸ ਕੀਤਾ ਗਿਆ। ਇਸ ਵਿਚ ਸਾਰੇ ਅਮਰੀਕੀ ਬਲਾਂ ਨੂੰ ਅਤਿਵਾਦੀ ਐਲਾਨ ਕਰ ਦਿਤਾ ਗਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਕਾਰਨ ਵਿਸਫੋਟਕ ਸਥਿਤੀ ਬਣੀ ਹੋਈ ਹੈ। ਕਿਸੇ ਸਮੇਂ ਵੀ ਹਾਲਾਤ ਵਿਗੜਣ ਦਾ ਮਾਹੌਲ ਬਣਿਆ ਹੋਇਆ ਹੈ। ਦੋਵਾਂ ਦੇਸ਼ਾਂ ਵਿਚਾਲੇ ਜੰਗ ਲੱਗਣ ਦੀ ਸੂਰਤ 'ਚ ਇਸ ਦੇ ਤੀਜੀ ਵਿਸ਼ਵ ਯੁੱਧ 'ਚ ਤਬਦੀਲ ਹੋਣ ਦੇ ਕਿਆਸ ਵੀ ਲਗਾਏ ਜਾ ਰਹੇ ਹਨ।

ਦੱਸ ਦਈਏ ਅਮਰੀਕਾ ਨੇ ਬਗਦਾਦ ਏਅਰਪੋਰਟ ਨੇੜੇ ਇਕ ਏਅਰ ਸਟਰਾਈਕ ਕਰਦਿਆਂ ਸੁਲੇਮਾਨੀ ਨੂੰ ਮੌਤ ਦੇ ਘਾਟ ਉਤਾਰ ਦਿਤਾ ਸੀ। ਸੁਲੇਮਾਨੀ ਦਾ ਕਾਫ਼ਲਾ ਬਗਦਾਦ ਹਵਾਈ ਅੱਡੇ ਵੱਲ ਵੱਧ ਰਿਹਾ ਸੀ। ਇਸ ਹਮਲੇ 'ਚ ਈਰਾਨ ਅਬੂ ਮਹਿਦੀ ਅਲ-ਮੁਹਾਂਦਿਸ ਦੀ ਵੀ ਮੌਤ ਹੋ ਗਈ ਸੀ। ਅਧਿਕਾਰੀਆਂ ਮੁਤਾਬਕ ਇਸ ਹਮਲੇ 'ਚ ਕੁੱਲ 8 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਹਮਲਾ ਅਮਰੀਕਾ ਨੂੰ ਪੁੱਠਾ ਪੈਂਦਾ ਵਿਖਾਈ ਦੇ ਰਿਹਾ ਹੈ। ਇਸ ਦਾ ਇਰਾਨ ਸਮੇਤ ਇਰਾਕ 'ਚ ਵੀ ਕਾਫ਼ੀ ਵਿਰੋਧ ਹੋ ਰਿਹਾ ਹੈ। ਲੋਕ ਇਸ ਖਿਲਾਫ਼ ਸੜਕਾਂ 'ਤੇ ਹਨ। ਇਸ ਹਮਲੇ 'ਚ ਈਰਾਨ ਸਮਰਥਕ ਮਿਲਿਸ਼ਿਆ ਪਾਪੂਲਰ ਮੋਬਲਾਈਜੇਸ਼ਨ ਫੋਰਸ ਦੇ ਡਿਪਟੀ ਕਮਾਂਡਰ ਅਬੂ ਮਹਿਦੀ ਅਲ-ਮੁਹਾਂਦਿਸ ਦੀ ਵੀ ਮੌਤ ਹੋ ਗਈ ਸੀ।

ਇਸੇ ਦੌਰਾਨ ਸੋਮਵਾਰ ਨੂੰ ਇਰਾਕ ਦੇ ਆਊਟਗੋਇੰਸ ਪੀਐੱਮ ਅਬਦੁਲ ਮਹਿਦੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਵਿਚ ਮੌਜੂਦ ਵਿਦੇਸ਼ੀ ਫ਼ੌਜ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ ਜਾਵੇ।