ਮੋਦੀ ਵਲੋਂ ਅੰਬਾਨੀ, ਅਦਾਨੀ ਤੇ ਹੋਰ ਉਦਯੋਗਪਤੀਆਂ ਨਾਲ ਬੈਠਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਮ ਬਜਟ ਦੀਆਂ ਤਿਆਰੀਆਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਿਖਰਲੇ ਉਦਯੋਗਪਤੀਆਂ ਨਾਲ ਅਰਚਥਾਰੇ ਦੀ ਹਾਲਤ ਬਾਰੇ ਚਰਚਾ ਕੀਤੀ।

Photo 1

ਨਵੀਂ ਦਿੱਲੀ : ਆਮ ਬਜਟ ਦੀਆਂ ਤਿਆਰੀਆਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਿਖਰਲੇ ਉਦਯੋਗਪਤੀਆਂ ਨਾਲ ਅਰਚਥਾਰੇ ਦੀ ਹਾਲਤ ਬਾਰੇ ਚਰਚਾ ਕੀਤੀ। ਸਮਝਿਆ ਜਾਂਦਾ ਹੈ ਕਿ ਬੈਠਕ ਵਿਚ ਅਰਥਚਾਰੇ ਨੂੰ ਹੱਲਾਸ਼ੇਰੀ ਦੇਣ ਅਤੇ ਰੁਜ਼ਗਾਰ ਪੈਦਾਵਾਰ ਵਧਾਉਣ ਦੇ ਤਰੀਕਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ।

ਦੇਸ਼ ਦੇ ਸੱਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ, ਟਾਟਾ ਸਮੂਹ ਦੇ ਰਤਨ ਟਾਟਾ, ਦੂਰਸੰਚਾਰ ਖੇਤਰ ਦੇ ਵੱਡੇ ਉਦਯੋਗਪਤੀ ਸੁਨੀਲ ਮਿੱਤਲ, ਅਰਬਪਤੀ ਉਦਯੋਗਪਤੀ ਗੌਤਮ ਅਦਾਨੀ, ਮਹਿੰਦਰਾ ਗਰੁਪ ਦੇ ਆਨੰਦ ਮਹਿੰਦਰਾ ਅਤੇ ਮਾਈਨਿੰਗ ਖੇਤਰ ਦੇ ਅਨਿਲ ਅਗਰਵਾਲ ਬੈਠਕ ਵਿਚ ਮੌਜੂਦ ਸਨ। ਆਮ ਬਜਟ ਤੋਂ ਪਹਿਲਾਂ ਹੋਈ ਇਸ ਬੈਠਕ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਬੈਠਕ ਦੀ ਜੋ ਤਸਵੀਰ ਜਾਰੀ ਕੀਤੀ ਗਈ, ਉਸ ਮੁਤਾਬਕ ਟਾਟਾ ਸਨਜ਼ ਦੇ ਚੇਅਰਮੈਨ ਚੰਦਰਸ਼ੇਖ਼ਰਨ, ਟੀਵੀਐਸ ਦੇ ਚੇਅਰਮੈਨ ਵੇਣੂ ਸ੍ਰੀਨਿਵਾਸਨ, ਐਲਐਂਡਟੀ ਦੇ ਮੁਖੀ ਏ ਐਮ ਨਾਇਕ ਵੀ ਬੈਠਕ ਵਿਚ ਸਨ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਇਕ ਫ਼ਰਵਰੀ ਨੂੰ ਅਪਣਾ ਦੂਜਾ ਆਮ ਬਜਟ ਪੇਸ਼ ਕਰਨਗੇ ਅਤੇ ਦੇਸ਼ ਦੀ ਆਰਥਕ ਤਰੱਕੀ ਦੀ ਰਫ਼ਤਾਰ ਨੂੰ ਮੁੜ ਤੇਜ਼ ਕਰਨਾ ਵੱਡੀ ਚੁਨੌਤੀ ਹੋਵੇਗੀ।

ਚਾਲੂ ਵਿੱਤ ਵਰ੍ਹੇ ਦੀ ਜੁਲਾਈ ਸਤੰਬਰ ਤਿਮਾਹੀ ਵਿਚ ਕੁਲ ਘਰੇਲੂ ਉਤਪਾਦ ਵਾਧਾ ਦਰ ਘਟ ਕੇ 4.5 ਫ਼ੀ ਸਦੀ 'ਤੇ ਆ ਗਈ ਹੈ ਜੋ ਇਸ ਦਾ ਛੇ ਸਾਲ ਦਾ ਹੇਠਲਾ ਪੱਧਰ ਹੈ। ਪ੍ਰਧਾਨ ਮੰਤਰੀ ਪਿਛਲੇ ਕੁੱਝ ਹਫ਼ਤਿਆਂ ਦੌਰਾਨ ਕਈ ਉਦਯੋਗਪਤੀਆਂ ਨਾਲ ਬੈਠਕਾਂ ਕਰ ਚੁੱਕੇ ਹਨ। ਪਹਿਲਾਂ ਕੋਟਕ ਮਹਿੰਦਰਾ ਬੈਂਕ ਦੇ ਸੀਈਓ ਉਦੇ ਕੋਟਕ, ਐਸਬੀਆਈ ਦੇ ਰਜਨੀਸ਼ ਕੁਮਾਰ, ਐਚਡੀਐਫ਼ਸੀ ਬੈਂਕ ਦੇ ਆਦਿਤਿਯਾ ਪੁਰੀ ਸਮੇਤ ਹੁਣ ਤਕ 60 ਤੋਂ ਵੱਧ ਉਦਯੋਗਪਤੀਆਂ ਨਾਲ ਬੈਠਕਾਂ ਕੀਤੀਆਂ ਜਾ ਚੁਕੀਆਂ ਹਨ।