'ਅਪਰੇਸ਼ਨ ਮੇਘਦੂਤ' ਦੇ ਨਾਇਕ ਪੀਐਨ ਹੂਨ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ ਕੀ ਸੀ ਫ਼ੌਜ ਦਾ 'ਅਪਰੇਸ਼ਨ ਮੇਘਦੂਤ'

File

ਸਾਲ 1984 ਦੌਰਾਨ ਭਾਰਤੀ ਫ਼ੌਜ ਵਿਚ 'ਅਪਰੇਸ਼ਨ ਮੇਘਦੂਤ' ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ ਪ੍ਰੇਮ ਨਾਥ ਹੂਨ ਦਾ ਦੇਹਾਂਤ ਹੋ ਗਿਆ। 91 ਸਾਲਾ ਹੂਨ ਦਾ ਪਿਛਲੇ ਦੋ ਦਿਨਾਂ ਤੋਂ ਪੰਚਕੂਲਾ ਸਥਿਤ ਕਮਾਂਡ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ ਮੰਗਲਵਾਰ ਸਵੇਰੇ ਸਾਢੇ 5 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਹੂਨ ਦੀ ਅਗਵਾਈ ਵਿਚ ਹੀ ਭਾਰਤ ਨੇ ਦੁਨੀਆ ਦੇ ਸਭ ਤੋਂ ਉਚੇ ਯੁੱਧ ਖੇਤਰ ਸਿਆਚਿਨ ਵਿਚ ਹੋਈ ਪਹਿਲੀ ਲੜਾਈ ਜਿੱਤੀ ਸੀ। ਜਿਸ ਦੇ ਲਈ ਉਨ੍ਹਾਂ ਨੂੰ ਪਰਮ ਵਿਸ਼ਿਸਟ ਸੇਵਾ ਮੈਡਲ ਨਾਲ ਨਿਵਾਜ਼ਿਆ ਗਿਆ ਸੀ।

ਸੇਵਾਮੁਕਤ ਲੈਫਟੀਨੈਂਟ ਜਨਰਲ ਪ੍ਰੇਮ ਨਾਥ ਹੂਨ ਦਾ ਜਨਮ ਦੇਸ਼ ਦੀ ਵੰਡ ਤੋਂ ਪਹਿਲਾਂ ਐਬਟਾਬਾਦ ਵਿਚ ਹੋਇਆ ਸੀ। ਜੋ ਅੱਜਕੱਲ੍ਹ ਪਾਕਿਸਤਾਨ ਵਿਚ ਹੈ। ਅੱਜਕੱਲ੍ਹ ਉਹ ਚੰਡੀਗੜ੍ਹ ਨੇੜੇ ਪੰਚਕੂਲਾ ਵਿਚ ਰਹਿੰਦੇ ਸਨ। ਲੈਫਟੀਨੈਂਟ ਜਨਰਲ ਹੂਨ ਨੇ ਜਿੱਥੇ ਸਿਆਚਿਨ ਦੀ ਜੰਗ ਵਿਚ ਅਹਿਮ ਭੂਮਿਕਾ ਨਿਭਾਈ ਸੀ, ਉਥੇ ਹੀ ਉਨ੍ਹਾਂ ਨੂੰ ਜੰਮੂ-ਕਸ਼ਮੀਰ ਅਤੇ ਐਲਓਸੀ 'ਤੇ ਤਣਾਅ ਘੱਟ ਕਰਨ ਲਈ ਪਾਕਿਸਤਾਨ ਨਾਲ ਗੱਲਬਾਤ ਕਰਨ ਦਾ ਤਿੰਨ ਵਾਰ ਮੌਕਾ ਮਿਲਿਆ। ਆਓ ਹੁਣ ਤੁਹਾਨੂੰ ਦੱਸਦੇ ਆਂ ਕੀ ਸੀ ਲੈਫਟੀਨੈਂਟ ਜਨਰਲ ਪੀਐਨ ਹੂਨ ਦੀ ਅਗਵਾਈ ਵਿਚ ਕੀਤਾ ਗਿਆ ਫ਼ੌਜ ਦਾ 'ਅਪਰੇਸ਼ਨ ਮੇਘਦੂਤ'

ਗੱਲ 1981 ਦੀ ਹੈ, ਜਦੋਂ ਭਾਰਤ ਨੇ ਲੰਬੇ ਸਮੇਂ ਤੋਂ ਵਿਵਾਦਤ ਸਿਆਚਿਨ ਗਲੇਸ਼ੀਅਰ 'ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਦੀ ਯੋਜਨਾ ਬਣਾਈ। ਇਸ ਸਮੇਂ ਭਾਰਤੀ ਫ਼ੌਜ ਲਈ ਵੱਡੀ ਚੁਣੌਤੀ ਸੀ ਸਿਆਚਿਨ ਦੇ ਤਾਪਮਾਨ ਲਈ ਫ਼ੌਜੀਆਂ ਨੂੰ ਤਿਆਰ ਕਰਨਾ। ਇਸ ਦੇ ਲਈ 1982 ਵਿਚ ਭਾਰਤ ਨੇ ਅੰਟਾਰਕਟਿਕਾ ਵਿਚ ਇਕ ਫ਼ੌਜੀ ਟੀਮ ਭੇਜੀ, ਜਿੱਥੇ ਉਨ੍ਹਾਂ ਨੂੰ ਬੇਹੱਦ ਘੱਟ ਤਾਪਮਾਨ ਵਿਚ ਜੰਗ ਕਰਨ ਦੀ ਟ੍ਰੇਨਿੰਗ ਦਿੱਤੀ ਗਈ। 1984 ਵਿਚ ਪਾਕਿਸਤਾਨ ਨੂੰ ਵੀ ਇਸ ਦੀ ਭਿਣਕ ਲੱਗ ਗਈ।

ਇਸ ਲਈ ਉਸ ਨੇ ਭਾਰਤ ਤੋਂ ਪਹਿਲਾਂ ਹੀ ਸਿਆਚਿਨ ਪਹੁੰਚ ਕੇ ਕਬਜ਼ਾ ਜਮਾਉਣ ਦਾ ਫ਼ੈਸਲਾ ਕੀਤਾ ਅਤੇ ਸਿਆਚਿਨ ਕੂਚ ਕਰਨ ਲਈ 1984 ਮਈ ਦਾ ਮਹੀਨਾ ਚੁਣਿਆ ਪਰ ਜਿਵੇਂ ਹੀ ਭਾਰਤ ਨੂੰ ਅਪਣੇ ਖ਼ੁਫ਼ੀਆ ਸੂਤਰਾਂ ਤੋਂ ਪਾਕਿਸਤਾਨ ਦੀ ਇਸ ਕਾਰਵਾਈ ਦਾ ਪਤਾ ਚੱਲਿਆ ਤਾਂ ਭਾਰਤ ਨੇ ਦੋ ਕਦਮ ਅੱਗੇ ਵਧਦਿਆਂ 13 ਅਪ੍ਰੈਲ 1984 ਨੂੰ ਲੈਫਟੀਨੈਂਟ ਜਨਰਲ ਪੀਐਨ ਹੂਨ ਦੀ ਅਗਵਾਈ ਵਿਚ ਵਿਸ਼ੇਸ਼ ਟੀਮ ਤਿਆਰ ਕਰਕੇ 'ਅਪਰੇਸ਼ਨ ਮੇਘਦੂਤ' ਲਾਂਚ ਕੀਤਾ।

13 ਅਪ੍ਰੈਲ ਦੀ ਤਰੀਕ ਇਸ ਲਈ ਚੁਣੀ ਗਈ ਕਿਉਂਕਿ ਇਸ ਦਿਨ ਵਿਸਾਖੀ ਸੀ ਅਤੇ ਪਾਕਿਸਤਾਨੀ ਫ਼ੌਜ ਇਹ ਮੰਨ ਕੇ ਬੈਠੀ ਸੀ ਕਿ ਇਸ ਦਿਨ ਭਾਰਤ ਵਿਚ ਲੋਕ ਤਿਓਹਾਰ ਮਨਾਉਣ ਵਿਚ ਰੁੱਝੇ ਹੋਣਗੇ ਪਰ ਭਾਰਤੀ ਫ਼ੌਜ ਨੇ ਉਸ ਦਿਨ ਸਿਆਚਿਨ ਦੀ ਖੜ੍ਹੀ ਚੜ੍ਹਾਈ 'ਤੇ ਚੜ੍ਹਨਾ ਸ਼ੁਰੂ ਕਰ ਦਿੱਤਾ। ਅਪਰੇਸ਼ਨ ਮੇਘਦੂਤ ਕੋਈ ਆਮ ਅਪਰੇਸ਼ਨ ਨਹੀਂ ਸੀ। ਬਲਕਿ ਇਹ ਅਪਣੀ ਤਰ੍ਹਾਂ ਦਾ ਇਕ ਵੱਖਰਾ ਹੀ ਯੁੱਧ ਸੀ, ਜਿਸ ਵਿਚ ਭਾਰਤੀ ਫ਼ੌਜੀਆਂ ਨੇ ਮਾਈਨਸ 40 ਤੋਂ ਮਾਈਨਸ 60 ਡਿਗਰੀ ਦੇ ਤਾਪਮਾਨ ਵਿਚ ਦੁਨੀਆਂ ਦੇ ਸਭ ਤੋਂ ਉਚੇ ਯੁੱਧ ਖੇਤਰ 'ਤੇ ਹੋਈ ਪਹਿਲੀ ਜੰਗ ਵਿਚ ਫਤਿਹ ਹਾਸਲ ਕੀਤੀ ਸੀ। 

ਲੈਫਟੀਨੈਂਟ ਜਨਰਲ ਪੀਐਨ ਹੂਨ ਦੀ ਅਗਵਾਈ ਵਿਚ ਭਾਰਤੀ ਫ਼ੌਜ ਨੇ ਸਿਆਚਿਨ ਅਤੇ ਉਸ ਦੇ ਆਸਪਾਸ ਦੇ ਸਾਰੇ ਪ੍ਰਮੁੱਖ ਗਲੇਸ਼ੀਅਰਾਂ 'ਤੇ ਅਪਣਾ ਕਬਜ਼ਾ ਜਮਾ ਲਿਆ ਅਤੇ ਅਪਣੀਆਂ ਸਥਾਈ ਪੋਸਟਾਂ ਖੜ੍ਹੀਆਂ ਕਰ ਦਿੱਤੀਆਂ। ਭਾਰਤ ਨਾਲ ਹੋਈਆਂ ਲੜਾਈਆਂ ਵਿਚੋਂ ਇਹ ਪਾਕਿਸਤਾਨ ਦੇ ਯੁੱਧ ਇਤਿਹਾਸ ਦੀ ਇਹ ਸਭ ਤੋਂ ਸ਼ਰਮਨਾਕ ਹਾਰ ਸੀ। ਲੈਫਟੀਨੈਂਟ ਜਨਰਲ ਹੂਨ ਨੂੰ 1984 ਵਿਚ ਸਿਆਚਿਨ ਗਲੇਸ਼ੀਅਰ 'ਤੇ ਹੋਈ ਭਾਰਤ-ਪਾਕਿਸਤਾਨ ਦੀ ਸਿੱਧੀ ਜੰਗ ਦੌਰਾਨ ਉਨ੍ਹਾਂ ਦੀ ਭੂਮਿਕਾ ਲਈ ਸਭ ਤੋਂ ਜ਼ਿਆਦਾ ਯਾਦ ਕੀਤਾ ਜਾਂਦਾ ਹੈ। ਅੱਜ ਭਾਵੇਂ ਲੈਫਟੀਨੈਂਟ ਜਨਰਲ ਪ੍ਰੇਮ ਨਾਥ ਹੂਨ ਸਾਡੇ ਵਿਚਕਾਰ ਨਹੀਂ ਰਹੇ, ਪਰ ਉਨ੍ਹਾਂ ਦੀ ਬਹਾਦਰੀ ਦਾ ਇਹ ਕਿੱਸਾ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾਂ ਪ੍ਰੇਰਣਾ ਸਰੋਤ ਬਣਦਾ ਰਹੇਗਾ। ਅਤੇ ਭਾਰਤੀਆਂ ਦੇ ਦਿਲਾਂ ਵਿਚ ਹਮੇਸ਼ਾਂ ਜਿੰਦਾ ਰਹਿਣਗੇ।