ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਸੈਂਕੜੇ ਮੀਲ ਪੈਦਲ ਦੌੜ ਕੇ ਦਿੱਲੀ ਪਹੁੰਚੇਗਾ ਅਥਲੀਟ ਗੁਰਅੰਮਿਤ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੋਜ਼ਾਨਾ 100 ਕਿਲੋਮੀਟਰ ਪੈਡਾ ਤੈਅ ਕਰ ਕੇ 4 ਦਿਨਾਂ ਵਿਚ ਦਿੱਲੀ ਪਹੁੰਚਣ ਦਾ ਟੀਚਾ

Athlete Guramrit Singh

ਨਵੀਂ ਦਿੱਲੀ : ਕਿਸਾਨੀ ਸੰਘਰਸ਼ ਨੇ ਦਿੱਲੀ ਦੀਆਂ ਬਰੂਹਾਂ ਨੂੰ ਲੋਕਾਂ ਲਈ ਖਾਸ ਖਿੱਚ ਦਾ ਕੇਂਦਰ ਬਣਾ ਦਿਤਾ ਹੈ।  ਲੋਕ ਆਪ-ਮੁਹਾਰੇ ਹੀ ਦਿੱਲੀ ਦੀਆਂ ਸਰਹੱਦਾਂ ਵੱਲ ਖਿੱਚੇ ਚਲੇ ਜਾ ਰਹੇ ਹਨ। ਬੀਤੇ ਦਿਨਾਂ ਦੌਰਾਨ ਸੈਂਕੜੇ ਮੀਲਾਂ ਦਾ ਪੈਡਾ ਤੈਅ ਕਰ ਕੇ ਦਿੱਲੀ ਪਹੁੰਚਣ ਦੀਆਂ ਵਿਲੱਖਣ ਉਦਾਹਰਨਾਂ ਸਾਹਮਣੇ ਆ ਚੁੱਕੀਆਂ ਹਨ। ਇਕ 60 ਸਾਲਾ ਬਜ਼ੁਰਗ ਇਕੋ ਹੱਥ ਵਿਚ ਕਿਸਾਨੀ ਦਾ ਝੰਡਾ ਅਤੇ ਸਾਈਕਲ ਦਾ ਹੈਂਡਲ ਫੜੀ ਦਿੱਲੀ ਪਹੁੰਚ ਚੁਕਾ ਹੈ। ਇਸ ਤੋਂ ਇਲਾਵਾ ਵੀਲ੍ਹਚੇਅਰ ’ਤੇ ਵੀ ਇਕ ਸਖ਼ਸ਼ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨੀ ਸੰਘਰਸ਼ ’ਚ ਸ਼ਾਮਲ ਹੋਇਆ ਸੀ।

ਸੰਘਰਸ਼ੀ ਜ਼ਜਬੇ ਦੀਆਂ ਅਜਿਹੀਆਂ ਹੀ ਕਹਾਣੀਆਂ ਆਏ ਦਿਨ ਸਾਹਮਣੇ ਆ ਰਹੀਆਂ  ਹਨ। ਇਨ੍ਹਾਂ ਵਿਚ ਹੀ ਇਕ ਨਵਾਂ ਨਾਮ ਐਥਲੀਟ ਗੁਰਅੰਮਿ੍ਰਤ ਸਿੰਘ ਦਾ ਜੁੜ ਗਿਆ ਹੈ ਜੋ ਪੈਦਲ ਦੌੜ ਲਗਾ ਕੇ ਸੈਂਕੜੇ ਮੀਲਾਂ ਦਾ ਪੈਡਾ ਤੈਅ ਕਰ ਕੇ ਦਿੱਲੀ ਪਹੁੰਚੇਗਾ। ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜਪੁਰ ਦਾ ਐਥਲੀਟ ਗੁਰਅੰਮਿ੍ਰਤ ਸਿੰਘ ਦੌੜ ਕੇ ਦਿੱਲੀ ਜਾਣ ਦੀ ਸ਼ੁਰੂਆਤ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕੀਤੀ ਹੈ।

ਜਾਣਕਾਰੀ ਮੁਤਾਬਕ ਗੁਰਅੰਮਿ੍ਰਤ ਸਿੰਘ ਰੋਜ਼ਾਨਾ 100 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ ਤੇ ਚਾਰ ਦਿਨਾਂ ਬਾਅਦ ਦਿੱਲੀ ਪਹੁੰਚ ਕੇ ਕਿਸਾਨੀ ਸੰਘਰਸ਼ ’ਚ ਸ਼ਮੂਲੀਅਤ ਕਰੇਗਾ। ਫਿਰੋਜਪੁਰ ਜ਼ਿਲ੍ਹੇ ਦੇ ਪਿੰਡ ਮਹਿਮਾ ਵਾਸੀ ਗੁਰਅੰਮਿ੍ਰਤ ਸਿੰਘ ਨੇ ਬੀ.ਟੈਕ ਮਕੈਨੀਕਲ ਕੀਤੀ ਹੋਈ ਹੈ। ਉਹ ਤਕਰੀਬਨ ਚਾਰ ਸਾਲ ਪਹਿਲਾਂ ਐਥਲੀਟ ਬਣਿਆ ਸੀ। ਪੰਜਾਬ, ਦਿੱਲੀ, ਜੰਮੂ ਆਦਿ ਸਮੇਤ ਕਈ ਸੂਬਿਆਂ ਵਿਚ ਸਿਵਲ ਮੈਰਥਨ ਵਿਚ ਹਿੱਸਾ ਲੈ ਚੁੱਕਾ ਗੁਰਅੰਮਿ੍ਰਤ ਫ਼ੌਜ ਵਿਚ ਜਾਣਾ ਚਾਹੁੰਦਾ ਹੈ।
ਕਿਸਾਨੀ ਸੰਘਰਸ਼ ’ਚ ਸ਼ਾਮਲ ਹੋਣ ਸਬੰਧੀ  ਗੁਰਅੰਮਿ੍ਰਤ ਨੇ ਕਿਹਾ ਕਿ ਕਿਸਾਨੀ ਸੰਘਰਸ਼ ’ਚ ਸ਼ਮੂਲੀਅਤ ਕਰਨ ਦੀ ਉਸ ਦੀ ਦਿੱਲੀ ਇੱਛਾ ਸੀ। ਇਸ ਕਾਰਨ ਉਹ ਫ਼ਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਰੋਜ਼ਾਨਾ 100 ਕਿਲੋਮੀਟਰ ਦਾ ਪੈਡਾ ਤੈਅ ਕਰੇਗਾ ਅਤੇ ਚਾਰ ਦਿਨਾਂ ਬਾਅਦ ਦਿੱਲੀ ਪਹੁੰਚੇਗਾ।

ਗੁਰਅੰਮਿ੍ਰਤ ਸਿੰਘ ਮੁਤਾਬਕ ਉਹ ਕਿਸਾਨਾਂ ਦੇ ਸੰਘਰਸ਼ੀ ਜ਼ਜਬੇ ਨੂੰ ਹੋਰ ਉਤਸ਼ਾਹਤ ਕਰਨ ਹਿਤ ਪੈਦਲ ਦੌੜ ਕੇ ਦਿੱਲੀ ਜਾ ਰਹੇ ਹਨ। ਉਧਰ ਗੁਰਅੰਮਿ੍ਰਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੇ ਕਿਹਾ ਕਿ ਮੈਨੂੰ ਆਪਣੇ ਬੇਟੇ ’ਤੇ ਮਾਣ ਹੈ ਕਿ ਉਹ ਕਿਸਾਨੀ ਸੰਘਰਸ਼ ਵਿਚ ਹਿੱਸਾ ਪਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਕਾਨੂੰਨ ਕਿਸਾਨਾਂ ’ਤੇ ਧੱਕੇ ਨਾਲ ਥੋਪੇ ਹਨ ਜਿਨ੍ਹਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।