ਕਿਸਾਨਾਂ ਦੇ ਮੋਰਚੇ ਨੇ ਦਿੱਲੀ ਦੇ ਦੁਕਾਨਦਾਰਾਂ ਦੀ ਬਦਲੀ ਜ਼ਿੰਦਗੀ, ਦੇਖੋ ਕਿੰਨਾ ਕੁਝ ਬਦਲਿਆ
ਕਿਸਾਨ ਮੋਰਚੇ ਕਰਕੇ ਦਿੱਲੀ ਦੇ ਦੁਕਾਨਦਾਰਾਂ ਸੇਲ ਹੁੰਦੀ ਹੈ ਚੰਗੀ...
ਨਵੀਂ ਦਿੱਲੀ (ਅਰਪਨ ਕੌਰ): ਕੇਂਦਰ ਵੱਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਡਟੇ ਹੋਏ ਹਨ। ਸਿੰਘੂ ਤੇ ਟਿੱਕਰੀ ਬਾਰਡਰ ਦੀਆਂ ਸਟੇਜਾਂ ਦੇ ਸਾਹਮਣੇ ਦਿੱਲੀ ਦੀ ਮਾਰਕਿਟ ਹੈ ਜਿੱਥੇ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ।
ਸਪੋਕਸਮੈਨ ਟੀਵੀ ਦੀ ਪੱਤਰਕਾਰ ਅਰਪਨ ਕੌਰ ਨੇ ਕਿਸਾਨੀ ਸਟੇਜਾਂ ਸਾਹਮਣੇ ਵਾਲੀ ਮਾਰਕਿਟ ਦੇ ਦੁਕਾਨਦਾਰਾਂ ਨਾਲ ਗੱਲ ਕਰਦਿਆਂ ਤਾਜ਼ੇ ਹਾਲਾਤਾਂ ਬਾਰੇ ਜਾਣਿਆ। ਇਸ ਮਾਰਕਿਟ ਵਿਚ ਕਈ ਤਰ੍ਹਾਂ ਦੀਆਂ ਦੁਕਾਨਾਂ ਹਨ, ਜਿਵੇਂ ਮਠਿਆਈ, ਜੂਸ, ਕਰਿਆਨਾ, ਹੋਰ ਵੀ ਕਈਂ ਤਰ੍ਹਾਂ ਦੀਆਂ ਦੁਕਾਨਾਂ ਇਸ ਮਾਰਕਿਟ ਵਿਚ ਹਨ। ਦੁਕਾਨਦਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਦਾ ਕਿਸਾਨ ਅੰਦੋਲਨ ਇੱਥੇ ਆਇਆ ਹੈ ਉਦੋਂ ਤੋਂ ਸਾਡੀ ਬਹੁਤ ਚੰਗੀ ਰੋਜ਼ ਦੀ ਸੇਲ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਚੰਗੇ ਹਨ ਕਿਸੇ ਨੇ ਵੀ ਸਾਥੋਂ ਕੋਈ ਉਧਾਰ ਜਾਂ ਕੋਈ ਬਿਨਾਂ ਪੈਸਿਆਂ ਤੋਂ ਚੀਜ਼ ਨਹੀਂ ਲਈ ਸਗੋਂ ਸਾਡੀ ਦੁਕਾਨਦਾਰੀ ਬਹੁਤ ਵਧੀਆ ਚੱਲ ਰਹੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਇੱਥੇ ਲੰਗਰ ਸੇਵਾ ਬਹੁਤ ਵਧੀਆ ਚੱਲ ਰਹੀ ਹੈ, ਅਸੀਂ ਰੋਜ਼ਾਨਾਂ ਲੰਗਰ ਛਕ ਕੇ ਆਉਂਦੇ ਹਾਂ।
ਉਨ੍ਹਾਂ ਕਿਹਾ ਕਿ ਅਜਿਹਾ ਅੰਦੋਲਨ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਅਤੇ ਅਸੀਂ ਪੰਜਾਬੀਆਂ ਬਾਰੇ ਸੁਣਿਆ ਬਹੁਤ ਕੁਝ ਸੀ ਪਰ ਹੁਣ ਅਸੀਂ ਨਜ਼ਦੀਕ ਤੋਂ ਦੇਖਿਆ ਹੈ ਕਿ ਕਿਵੇਂ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਚੱਲ ਰਹੀਆਂ ਹਨ।
ਦੁਕਾਨਾਦਾਰਾਂ ਨੇ ਕਿਹਾ ਕਿ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਟ੍ਰੈਫ਼ਿਕ ਕਾਰਨ ਸਾਡੀਆਂ ਦੁਕਾਨਾਂ ਕੁਝ ਬੰਦ ਹੋਈਆਂ ਸੀ ਪਰ ਹੁਣ ਅਸੀਂ ਰੋਜ਼ਾਨਾਂ ਆਪਣੀਆਂ ਦੁਕਾਨਾਂ ਖੋਲ੍ਹ ਰਹੇ ਹਾਂ ਤੇ ਸਾਡਾ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਕਿਸਾਨਾਂ ਵੱਲੋਂ ਨਹੀਂ ਕੀਤਾ ਗਿਆ।