ਚੀਨ ਦੇ ਜਿਸ ਸ਼ਹਿਰ ਤੋਂ ਦੁਨੀਆਂ ਵਿਚ ਫੈਲਿਆ ਕੋਰੋਨਾ ਵਾਇਰਸ, ਦੋਖੇ ਕਿਹੋ ਜਿਹੇ ਹਨ ਉੱਥੋ ਦੇ ਹਾਲਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ ਜਿਸ ਤੋਂ ਬਾਅਦ ਇਸ ਦਾ ਕਹਿਰ...

File Photo

ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ ਜਿਸ ਤੋਂ ਬਾਅਦ ਇਸ ਦਾ ਕਹਿਰ ਚੀਨ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿਚ ਵੇਖਣ ਨੂੰ ਮਿਲਿਆ ਹੈ। ਇੱਕਲੇ ਚੀਨ ਵਿਚ ਹੀ ਇਸ ਨਾਲ 636 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਬੀਤੇ ਵੀਰਵਾਰ ਲਗਭਗ 73 ਲੋਕਾਂ ਨੇ ਕੋਰੋਨਾ ਵਾਇਰਸ ਨਾਲ ਆਪਣੀ ਜਾਨ ਗਵਾਈ ਹੈ ਜਦਕਿ ਇਸ ਵਾਇਰਸ ਦੀ ਲਾਗ ਦੇ 1500 ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਅਤੇ 31 ਹਜ਼ਾਰ ਲੋਕਾਂ ਵਿਚ ਕੋਰੋਨਾ ਵਾਇਰਸ ਦੇ ਲੱਛਣਾ ਦੀ ਪੁਸ਼ਟੀ ਹੋ ਚੁੱਕੀ ਹੈ। ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਕੁੱਝ ਮਰੀਜ਼ਾਂ ਦੀ ਸਿਹਤ ਵਿਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਹਰ ਵੇਲੇ ਲੋਕਾਂ ਨਾਲ ਭਰਿਆ ਰਹਿਣ ਵਾਲਾ ਵੁਹਾਨ ਸ਼ਹਿਰ ਅੱਜ ਸੁੰਨਸਾਨ ਪਿਆ ਹੈ। ਸੜਕਾਂ ਉੱਤੇ ਇਕਾ-ਦੁਕਾ ਲੋਕ ਹੀ ਵਿਖਾਈ ਦੇ ਰਹੇ ਹਨ ਅਤੇ ਜੋ ਵੀ ਸੜਕ ਉੱਤੇ ਨਿਕਲਦਾ ਹੈ ਉਹ ਮੂੰਹ 'ਤੇ ਮਾਸਕ ਜਰੂਰ ਬੰਨਦਾ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਸਰਕਾਰ ਨੇ ਵੀ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ।

ਘਰ ਤੋਂ ਬਾਹਰ ਭੋਜਨ ਕਰਨ ਉੱਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਵੱਡੀਆਂ ਇਮਾਰਤਾਂ ਵਿਚ ਲਿਫਟਾਂ ਚਲਾਉਣ 'ਤੇ ਪਾਬੰਦੀ ਲਗਾਈ ਗਈ ਹੈ। ਸਰਕਾਰ ਵੱਲੋਂ ਇਹ ਸਖ਼ਤੀ ਇਸ ਲਈ ਵਰਤੀ ਗਈ ਹੈ ਤਾਂ ਕਿ ਕੋਰੋਨਾ ਵਾਇਰਸ ਦੀ ਲਾਗ ਅੱਗੇ ਨਾਂ ਫੈਲੇ।

 ਸ਼ਹਿਰ ਦੇ ਬਜ਼ਾਰਾਂ ਵਿਚ ਕੋਈ ਚਹਿਲ-ਪਹਿਲ ਨਜ਼ਰ ਨਹੀਂ ਆ ਰਹੀ ਹੈ। ਦੁਕਾਨਾਂ ਬੰਦ ਪਈਆਂ ਹਨ। ਸ਼ਹਿਰ ਵਿਚ ਸਨਾਟਾ ਛਾਇਆ ਹੋਇਆ ਹੈ। ਲੋਕਾਂ ਨੇ ਸ਼ਹਿਰ ਤੋਂ ਬਾਹਰ ਨਿਕਲਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਦਿਨ ਪ੍ਰਤੀ ਦਿਨ ਕੋਰੋਨਾ ਵਾਇਰਸ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ। ਸੜਕਾਂ ਉੱਤੇ ਅਵਾਜਾਈ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਹੈ। ਹੋਟਲ ਖਾਲੀ ਪਏ ਹਨ। ਯੂਨੀਵਰਸਿਟੀਆਂ ਨੂੰ ਬੰਦ ਕੀਤਾ ਗਿਆ ਹੈ ਜਦਕਿ ਸਕੂਲਾਂ ਵਿਚ ਤਾਲਾ ਲਗਾ ਦਿੱਤਾ ਗਿਆ ਹੈ।

ਮਰੀਜ਼ਾਂ ਦੀ ਵੱਧਦੀ ਸੰਖਿਆ ਕਰਕੇ ਮੈਡੀਕਲ ਉਪਕਰਨਾਂ ਦੀ ਵੀ ਕਮੀ ਹੋ ਰਹੀ ਹੈ ਨਤੀਜੇ ਵਜੋਂ ਸਹੀ ਸਮੇ ਉੱਤੇ ਇਲਾਜ ਨਾਂ ਮਿਲਣ ਕਰਕੇ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਚੀਨ ਇਸ ਵਾਇਰਸ ਨਾਲ ਮਰਨ ਵਾਲਿਆਂ ਦੇ ਸਹੀ ਅੰਕੜੇ ਦੁਨੀਆਂ ਤੋਂ ਲੁਕਾ ਰਿਹਾ ਹੈ ਅਤੇ ਚੀਨ ਦੀ ਸਰਕਾਰ ਨੇ ਇਸ ਬਾਰੇ ਸੋਸ਼ਲ ਮੀਡੀਆਂ ਉੱਤੇ ਕਿਸੇ ਨਾਲ ਜਾਣਕਾਰੀ ਸਾਂਝੀ ਕਰਨ 'ਤੇ ਵੀ ਪਾਬੰਦੀ ਲਗਾਈ ਹੋਈ ਹੈ।