Bargari Sacrilege Case: ਅਯੁੱਧਿਆ 'ਚ ਨਜ਼ਰ ਆਇਆ ਬੇਅਦਬੀ ਕਾਂਡ ਦਾ ਭਗੌੜਾ ਪ੍ਰਦੀਪ ਕਲੇਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਨਾਲ ਤਸਵੀਰਾਂ ਖਿਚਵਾਉਂਦਾ ਦਿਖਾਈ ਦਿਤਾ ਮੁਲਜ਼ਮ

Bargari Sacrilege Case An accused spotted in Ayodhya Uttar Pradesh

Bargari Sacrilege Case: 2015 ਦੇ ਬਰਗਾੜੀ ਬੇਅਦਬੀ ਕਾਂਡ ਮਾਮਲੇ ਵਿਚ ਭਗੌੜੇ ਪ੍ਰਦੀਪ ਕਲੇਰ ਦੀ ਭਾਜਪਾ ਆਗੂਆਂ ਨਾਲ ਤਸਵੀਰ ਵਾਇਰਲ ਹੋ ਰਹੀ ਹੈ। ਖ਼ਬਰਾਂ ਅਨੁਸਾਰ ਰਾਮ ਮੰਦਰ ਦੇ ‘ਪ੍ਰਾਣ-ਪ੍ਰਤਿਸ਼ਠਾ’ ਸਮਾਰੋਹ ਵਿਚ ਪ੍ਰਦੀਪ ਕਲੇਰ ਨੂੰ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਸੂਰਿਆ ਪ੍ਰਤਾਪ ਸ਼ਾਹੀ ਨਾਲ ਦੇਖਿਆ ਗਿਆ। ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਡੇਰਾ ਸਿਰਸਾ ਪ੍ਰਸ਼ਾਸਨ ਦੇ ਮੈਂਬਰ ਪ੍ਰਦੀਪ ਕਲੇਰ ਦੀਆਂ 2 ਫਰਵਰੀ ਨੂੰ ਵਾਇਰਲ ਹੋਈਆਂ ਕਥਿਤ ਤਸਵੀਰਾਂ ਵਿਚ ਉਹ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਨਾਲ ਨਵੇਂ ਬਣੇ ਰਾਮ ਮੰਦਰ ਨਾਲ ਸਬੰਧਤ ਅਯੁੱਧਿਆ ਸਮਾਰੋਹ ਵਿਚ ਹਿੱਸਾ ਲੈਂਦਾ ਨਜ਼ਰ ਆ ਰਿਹਾ ਹੈ।  

ਹਾਲਾਂਕਿ ਇਹ ਪੋਸਟ ਮੰਤਰੀ ਦੇ ਫੇਸਬੁੱਕ ਪੇਜ ਤੋਂ ਡਿਲੀਟ ਹੋ ਗਈ ਹੈ, ਪਰ ਆਨਲਾਈਨ ਸ਼ੇਅਰ ਕੀਤੇ ਗਏ ਸਕ੍ਰੀਨਸ਼ਾਟ ਵਿਚ ਉਹ ਪ੍ਰਦੀਪ ਕਲੇਰ ਦੇ ਨੇੜੇ ਖੜ੍ਹੇ ਦਿਖਾਈ ਦੇ ਰਹੇ ਹਨ, ਜੋ 2018 ਤੋਂ ਪੰਜਾਬ ਵਿਚ ਲੋੜੀਂਦਾ ਹੈ। ਖ਼ਬਰਾਂ ਅਨੁਸਾਰ ਡੇਰਾ ਸਿਰਸਾ ਮੁਖੀ ਸੌਦਾ ਸਾਧ ਵੀ ਅਪਣੀ ਪੈਰੋਲ ਉੱਤਰ ਪ੍ਰਦੇਸ਼ ਵਿਚ ਬਿਤਾ ਰਿਹਾ ਹੈ, ਜਿਥੇ ਕਲੇਰ ਨੂੰ ਕਥਿਤ ਤੌਰ 'ਤੇ ਦੇਖਿਆ ਗਿਆ। ਦਸਿਆ ਜਾ ਰਿਹਾ ਹੈ ਕਿ ਫਰੀਦਕੋਟ ਪੁਲਿਸ ਨੇ ਸੋਸ਼ਲ ਮੀਡੀਆ ਦੇ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਇਕ ਟੀਮ ਅਯੁੱਧਿਆ ਭੇਜੀ।

ਫਰੀਦਕੋਟ ਦੇ ਐਸ.ਐਸ.ਪੀ. ਹਰਜੀਤ ਸਿੰਘ ਨੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਦਸਿਆ ਕਿ ਅਜੇ ਤਕ ਕੁੱਝ ਵੀ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਕਿਹਾ, ‘‘ਅਸੀਂ ਮੰਤਰੀ ਨਾਲ ਗੱਲ ਨਹੀਂ ਕੀਤੀ। ਪਰ ਸਾਡੀ ਟੀਮ ਨੇ ਮੰਤਰੀ ਦੀ ਟੀਮ ਨਾਲ ਸੰਪਰਕ ਕੀਤਾ। ਅਸੀਂ ਮੰਤਰੀ ਦੀ ਟੀਮ ਵਲੋਂ ਦਿਤੀ ਗਈ ਸੂਚਨਾ ਅਨੁਸਾਰ ਉਕਤ ਵਿਅਕਤੀ ਨੂੰ ਨਹੀਂ ਲੱਭ ਸਕੇ। ਤਸਵੀਰਾਂ 'ਚ ਨਜ਼ਰ ਆ ਰਿਹਾ ਵਿਅਕਤੀ ਪ੍ਰਦੀਪ ਕਲੇਰ ਹੋ ਸਕਦਾ ਹੈ।’’

ਵਾਇਰਲ ਤਸਵੀਰਾਂ ਵਿਚ ਕਲੇਰ ਦੇ ਨਾਲ ਖੜ੍ਹੇ ਨਿਰਮਲ ਸਿੰਘ ਵੈਦ ਦਾ ਕਹਿਣਾ ਹੈ ਕਿ, "ਮੈਨੂੰ ਪਤਾ ਨਹੀਂ ਸੀ ਕਿ ਉਹ ਪ੍ਰਦੀਪ ਕਲੇਰ ਹੈ ਅਤੇ ਪੰਜਾਬ ਵਿਚ ਕਿਸੇ ਕੇਸ ਵਿਚ ਲੋੜੀਂਦਾ ਹੈ। ਇਹ ਤਸਵੀਰ ਜਗਤਾਰ ਸਿੰਘ ਦੇ ਲੰਗਰ ਦੌਰਾਨ ਖਿੱਚੀ ਗਈ ਸੀ”।

ਕੌਣ ਹੈ ਪ੍ਰਦੀਪ ਕਲੇਰ?

ਮਿਲੀ ਜਾਣਕਾਰੀ ਅਨੁਸਾਰ ਪ੍ਰਦੀਪ ਕਲੇਰ ਡੇਰਾ ਸਿਰਸਾ ਦੇ ਪ੍ਰਮੁੱਖ ਆਗੂਆਂ ਵਿਚੋ ਅਹਿਮ ਮੰਨਿਆ ਜਾਂਦਾ ਹੈ। ਉਹ ਡੇਰੇ ਦੇ ਰਾਜਨੀਤਿਕ ਵਿੰਗ ਦਾ ਵੀ ਪ੍ਰਮੁੱਖ ਆਗੂ ਸੀ। ਡੇਰੇ ਨਾਲ ਜੁੜੇ ਸੂਤਰਾਂ ਅਨੁਸਾਰ ਪ੍ਰਦੀਪ ਕਲੇਰ ਦੀ 2014 ਵਿਚ ਭਾਜਪਾ ਨਾਲ ਬਹੁਤ ਨੇੜਤਾ ਸੀ, ਉਸ ਨੇ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਅਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾ ਵਿਚ ਅਹਿਮ ਭੂਮਿਕਾ ਨਿਭਾਈ ਸੀ। ਖ਼ਬਰਾਂ ਅਨੁਸਾਰ 2014 ਵਿਚ ਜਦੋਂ ਖੱਟਰ ਸਰਕਾਰ ਦਾ ਸਹੁੰ ਚੁੱਕ ਸਮਾਗਮ ਸੀ ਤਾਂ ਉਸ ਸਮੇਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਟੇਜ ’ਤੇ ਬੋਲ ਰਹੇ ਸਨ ਤਾਂ ਪ੍ਰਦੀਪ ਕਲੇਰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠ ਗਿਆ ਤੇ ਕਾਫੀ ਸਮਾਂ ਅਮਿਤ ਸ਼ਾਹ ਨਾਲ ਗੱਲਬਾਤ ਕਰਦਾ ਰਿਹਾ। ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਬੇਅਦਬੀ ਮਾਮਲਿਆਂ ਵਿਚ ਲੋੜੀਂਦੇ ਹਨ।

 (For more Punjabi news apart from Bargari Sacrilege Case An accused spotted in Ayodhya Uttar Pradesh , stay tuned to Rozana Spokesman)