ਆਪ ਦੇ 9 ਵਿਧਾਇਕਾਂ ਦੇ ਕਾਂਗਰਸ ਵਿਚ ਜਾਣ ਦੀਆਂ ਤਿਆਰੀਆਂ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਉਥਲ-ਪੁਥਲ ਦੀ ਤਿਆਰੀ....

Arvind Kejriwal

ਨਵੀਂ ਦਿੱਲੀ, 7 ਮਾਰਚ: 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੁਣ ਦਿੱਲੀ ਦੀ ਸਿਆਸਤ ਵਿਚ ਵੀ ਜ਼ਬਰਦਸਤ ਉਥਲ-ਪੁਥਲ ਦੇਖਣ ਨੂੰ ਮਿਲ ਸਕਦੀ ਹੈ। ਕਾਂਗਰਸ ਵਲੋਂ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਦੀ ਗੱਲ ਨੂੰ ਅਧਿਕਾਰਕ ਤੌਰ 'ਤੇ ਖਾਰਜ ਕਰਨ ਦੇ ਇਕ ਦਿਨ ਬਾਅਦ ਹੁਣ ਇਕ ਨਵੀਂ ਖ਼ਬਰ ਸਾਹਮਣੇ ਆਈ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਰੀਪੋਰਟ ਦੇ ਮੁਤਾਬਕ ਆਪ ਦੇ ਕਰੀਬ 9 ਵਿਧਾਇਕ ਕਾਂਗਰਸ ਦਾ ਹੱਥ ਫੜ ਸਕਦੇ ਹਨ। ਉਹ ਕਾਂਗਰਸ ਦੇ ਚੋਟੀ ਦੇ ਲੀਡਰਾਂ ਦੇ ਸੰਪਰਕ ਵਿਚ ਹਨ।

ਸੂਤਰਾਂ ਮੁਤਾਬਕ ਆਪ ਦੀ ਟਿਕਟ 'ਤੇ ਵਿਧਾਇਕ ਬਣੇ ਸੰਦੀਪ ਕੁਮਾਰ ਨੇ ਲੰਘੀ ਮੰਗਲਵਾਰ ਨੂੰ ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਕੀਤੀ ਸੀ। ਹਲਾਂਕਿ ਸੰਦੀਪ ਕੁਮਾਰ ਨੇ ਇਸ ਮੁਲਾਕਾਤ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਓਧਰ ਦਿੱਲੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰੂਨ ਯੂਸਫ਼ ਨੇ ਦਾਅਵਾ ਕੀਤਾ ਕਿ ਆਪ ਹਾਈਕਮਾਨ ਦੇ ਰਵੱਈਏ ਤੋਂ ਉਹਨਾਂ ਦੀ ਪਾਰਟੀ ਦੇ ਕਈ ਵਿਧਾਇਕ ਨਾਖੁਸ਼ ਹਨ। ਉਹ ਕਾਂਗਰਸ ਵਿਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਫਿਲਹਾਲ ਗੱਲਬਾਤ ਜਾਰੀ ਹੈ, ਪਰ ਆਖਰੀ ਫ਼ੈਸਲਾ ਕਾਂਗਰਸ ਜਨਰਲ ਸਕੱਤਰ ਪੀਸੀ ਚਾਕੋ ਅਤੇ ਸ਼ੀਲਾ ਦੀਕਸ਼ਿਤ ਲੈਣਗੇ।

ਦਿੱਲੀ ਕਾਂਗਰਸ ਦੇ ਬੁਲਾਰੇ ਜਿਤੇਂਦਰ ਕੋਚਰ ਨੇ ਦਾਅਦਾ ਕੀਤਾ ਕਿ ਕਰੀਬ 9 ਮੌਜੂਦਾ ਆਪ ਵਿਧਾਇਕ ਕਾਂਗਰਸ ਵਿਚ ਆਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਰੇਪ ਕੇਸ ਵਿਚ ਜ਼ਮਾਨਤ 'ਤੇ ਚਲ ਰਹੇ ਸੰਦੀਪ ਕੁਮਾਰ ਨੂੰ ਆਪ ਨੇ ਅਗਸਤ 2016 ਵਿਚ ਬਾਲ ਕਲਿਆਣ ਤੇ ਸਮਾਜਿਕ ਨਿਆਂ ਮੰਤਰੀ ਦੇ ਅਹੁਦੇ ਤੋਂ ਹਟਾ ਦਿਤਾ ਸੀ। ਇਸ ਤੋਂ ਬਾਅਦ ਉਹਨਾਂ ਦੀ ਪਾਰਟੀ ਵਿਚ ਮੁੱਢਲੀ ਮੈਂਬਰਸ਼ਿਪ ਪੀ ਰੱਦ ਕਰ ਦਿਤੀ ਗਈ ਸੀ। ਆਪ ਵਿਧਾਇਕਾਂ ਦੀ ਸ਼ਮੂਲੀਅਤ ਬਾਰੇ ਸ਼ੀਲਾ ਦੀਕਸ਼ਿਤ ਨੇ ਸਾਧੀ ਚੁੱਪੀ - ਆਪ ਲੀਡਰਾਂ ਦੇ ਪਾਰਟੀ ਬਦਲਣ ਦੇ ਕਿਆਸਿਆਂ 'ਤੇ ਸ਼ੀਲਾ ਦੀਕਸ਼ਿਤ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ ਹੈ।

ਉਥੇ, ਆਪ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਹੈ ਕਿ ਸੰਦੀਪ ਕੁਮਾਰ ਦੇ ਨਾਲ ਸਦਨ ਦੇ ਅੰਦਰ ਜਾਂ ਬਾਹਰ ਕਿਸੇ ਵੀ ਆਪ ਆਗੂ ਨੇ ਨਿਜੀ ਤੌਰ 'ਤੇ ਕਿਸੇ ਹੋਰ ਤਰਾਂ ਦਾ ਸਬੰਧ ਨਹੀਂ ਹੈ। ਕਪਿਲ ਮਿਸ਼ਰਾ ਨੂੰ ਛੱਡ ਕੇ ਕੋਈ ਵੀ ਉਹਨਾਂ ਦਾ ਨਾਮ ਤੱਕ ਨਹੀਂ ਲੈਂਦਾ।