ਹਾਫ਼ਿਜ਼ ਸਈਦ ਦੀ ਪਾਬੰਦੀਸ਼ੁਦਾ ਸੂਚੀ 'ਚੋਂ ਕੱਢਣ ਦੀ ਅਪੀਲ ਰੱਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਇਕ ਅਹਿਮ ਘਟਨਾਕ੍ਰਮ 'ਚ ਸੰਯੁਕਤ ਰਾਸ਼ਟਰ ਨੇ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਦੇ ਮਾਸਟਰਮਾਇੰਡ ਅਤੇ ਜਮਾ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ...

Hafiz Saeed

ਨਵੀਂ ਦਿੱਲੀ : ਇਕ ਅਹਿਮ ਘਟਨਾਕ੍ਰਮ 'ਚ ਸੰਯੁਕਤ ਰਾਸ਼ਟਰ ਨੇ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਦੇ ਮਾਸਟਰਮਾਇੰਡ ਅਤੇ ਜਮਾ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ਦੀ ਉਹ ਅਪੀਲ ਖ਼ਾਰਜ ਕਰ ਦਿਤੀ ਹੈ ਜਿਸ 'ਚ ਉਸ ਨੇ ਪਾਬੰਦੀਸ਼ੁਦਾ ਅਤਿਵਾਦੀਆਂ ਦੀ ਸੂਚੀ 'ਚੋਂ ਅਪਣਾ ਨਾਂ ਹਟਾਉਣ ਦੀ ਅਪੀਲ ਕੀਤੀ ਸੀ।
ਜ਼ਿਕਰਯੋਗ ਹੈ ਕਿ ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਸੰਯੁਕਤ ਰਾਸ਼ਟਰ ਦੀ 1267 ਪਾਬੰਦੀਸ਼ੁਦਾ ਕਮੇਟੀ ਨੂੰ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ 'ਤੇ ਪਾਬੰਦੀ ਲਾਉਣ ਦੀ ਇਕ ਨਵੀਂ ਅਪੀਲ ਪ੍ਰਾਪਤ ਹੋਈ ਹੈ।

ਬੀਤੀ 14 ਫ਼ਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ਼. ਦੇ ਕਾਫ਼ਲੇ 'ਤੇ ਹੋਏ ਫ਼ਿਦਾਈਨ ਹਮਲੇ 'ਚ ਬਲ ਦੇ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਸੰਯੁਕਤ ਰਾਸ਼ਟਰ ਦੀ ਕਮੇਟੀ ਤੋਂ ਅਜ਼ਹਰ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਸੂਤਰਾਂ ਅਨੁਸਾਰ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਵੀ ਸਹਿ-ਸੰਸਥਾਪਕ ਸਈਦ ਦੀ  ਅਪੀਲ ਸੰਯੁਕਤ ਰਾਸ਼ਟਰ ਨੇ ਉਦੋਂ ਖ਼ਾਰਜ ਕੀਤੀ ਜਦੀ ਭਾਰਤ ਨੇ ਉਸ ਦੀਆਂ ਗਤੀਵਿਧੀਆਂ ਬਾਰੇ ਵਿਸਤ੍ਰਿਤ ਸਬੂਤ ਮੁਹਈਆ ਕਰਵਾਏ। ਸਬੂਤਾਂ 'ਚ 'ਬਹੁਤ ਗੁਪਤ ਸੂਚਨਾਵਾਂ' ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੀ ਸ਼ੁਰੂਆਤ 'ਚ ਸਈਦ ਦੇ ਵਕੀਲ ਹੈਦਰ ਰਸੂਲ ਮਿਰਜ਼ਾ ਨੂੰ ਕੌਮਾਂਤਰੀ ਸੰਸਥਾ ਦੇ ਇਸ ਫ਼ੈਸਲੇ ਤੋਂ ਜਾਣੂ ਕਰਵਾ ਦਿਤਾ ਗਿਆ। 

ਸੰਯੁਕਤ ਰਾਸ਼ਟਰ ਨੇ ਜਮਾਤ-ਉਦ-ਦਾਅਵਾ ਦੇ ਮੁਖੀ ਸਈਦ 'ਤੇ 10 ਦਸੰਬਰ, 2008 ਨੂੰ ਪਾਬੰਦੀ ਲਾਈ ਸੀ। ਮੁੰਬਈ ਹਮਲਿਆਂ ਮਗਰੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਉਸ ਨੂੰ ਪਾਬੰਦੀਸ਼ੁਦਾ ਕਰਾਰ ਦੇ ਦਿਤਾ ਸੀ। ਮੁੰਬਈ ਹਮਲਿਆਂ 'ਚ 166 ਜਣੇ ਮਾਰੇ ਗਏ ਸਨ। ਸਈਦ ਨੇ 2017 'ਚ ਲਾਹੌਰ ਸਥਿਤ ਕਾਨੂੰਨੀ ਫ਼ਰਮ 'ਮਿਰਜ਼ਾ ਐਂਡ ਮਿਰਜ਼ਾ' ਜ਼ਰੀਏ ਸੰਯੁਕਤ ਰਾਸ਼ਟਰ 'ਚ ਇਕ ਅਪੀਲ ਦਾਖ਼ਲ ਕੀਤੀ ਸੀ ਅਤੇ ਪਾਬੰਦੀ ਖ਼ਤਮ ਕਰਨ ਦੀ ਅਪੀਲ ਕੀਤੀ ਸੀ। ਅਪੀਲ ਦਾਖ਼ਲ ਕਰਨ ਵੇਲੇ ਉਹ ਪਾਕਿਸਤਾਨ 'ਚ ਨਜ਼ਰਬੰਦ ਸੀ। (ਪੀਟੀਆਈ)