AIIMS ਦਾ ਖ਼ੁਲਾਸਾ : ਦੋ ਮੀਟਰ ਤਕ ਹੀ ਫ਼ੈਲ ਸਕਦੈ ਕੋਰੋਨਾਵਾਇਰਸ, ਸਿਹਤਮੰਦ ਨੂੰ ਨਹੀਂ ਮਾਸਕ ਦੀ ਜ਼ਰੂਰਤ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਪ੍ਰਸਿੱਧ ਹਸਪਤਾਲ ਨੇ ਫ਼ੈਲ ਰਹੀਆਂ ਅਫ਼ਵਾਹਾਂ 'ਤੇ ਲਾਇਆ ਵਿਰਾਮ

file photo

ਨਵੀਂ ਦਿੱਲੀ : ਕੋਰੋਨਾਵਾਇਰਸ ਨੂੰ ਲੈ ਕੇ ਫੈਲ ਰਹੀਆਂ ਅਫ਼ਵਾਹਾਂ ਨੇ ਲੋਕਾਂ ਦੇ ਨੱਕ 'ਚ ਦੰਮ ਕੀਤਾ ਹੋਇਆ ਹੈ। ਖ਼ਾਸ ਕਰ ਕੇ ਸ਼ੋਸ਼ਲ ਮੀਡੀਆ ਜ਼ਰੀਏ ਵੱਡੀ ਗਿਣਤੀ 'ਚ ਵਾਇਰਲ ਹੋ ਰਹੇ ਸੁਨੇਹਿਆਂ ਅਤੇ ਮੀਡੀਆ 'ਚ ਆ ਰਹੀਆਂ ਨਿਤ ਨਵੇਂ ਦਾਅਵਿਆਂ ਨੇ ਕੋਰੋਨਾਵਾਇਰਸ ਨੂੰ ਹੋਰ ਵੀ ਭਿਆਨਕ ਤੇ ਡਰਾਉਣਾ ਬਣਾ ਕੇ ਪੇਸ਼ ਕੀਤਾ ਹੈ।

ਇਸੇ ਦੌਰਾਨ ਦਿੱਲੀ ਸਥਿਤ ਇਕ ਨਾਮਵਰ ਹਸਪਤਾਲ ਨੇ ਲੋਕਾਂ ਨੂੰ ਰਾਹਤ ਦਿੰਦੇ ਵੱਡੇ ਖੁਲਾਸੇ ਕੀਤੇ ਹਨ। ਚੱਲ ਰਹੀਆਂ ਮਿੱਥਾਂ ਨੂੰ ਨਕਾਰਦਿਆਂ ਦਿੱਲੀ ਸਥਿਤ ਏਮਜ਼ ਹਸਪਤਾਲ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਦਾ ਕਹਿਣਾ ਹੈ ਕਿ ਇਕ ਤੰਦਰੁਸਤ ਵਿਅਕਤੀ ਨੂੰ ਮਾਸਕ ਪਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ।

ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ 1 ਮਨੁੱਖੀ ਵਾਇਰਸ ਹੈ। ਉਨ੍ਹਾਂ ਕਿਹਾ ਕਿ ਇਸ ਵਾਇਰਸ ਦਾ ਜਾਨਵਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਅਤੇ ਨਾ ਹੀ ਇਹ ਵਾਇਰਸ ਨਾਨਵੈਜ ਖਾਣ ਨਾਲ ਫ਼ੈਲਦਾ। ਉਨ੍ਹਾਂ ਕਿਹਾ ਇਸ ਸਬੰਧੀ ਕੀਤੇ ਜਾ ਰਹੇ ਜ਼ਿਆਦਾਤਰ ਦਾਅਵੇ ਕੇਵਲ ਅਫ਼ਵਾਹਾਂ ਹੀ ਹਨ।

ਕੀ ਸਭ ਲਈ ਮਾਸਕ ਪਾਉਣਾ ਜ਼ਰੂਰੀ ਹੈ?
ਸਾਰਿਆਂ ਲਈ ਮਾਸਕ ਪਹਿਨਣ ਸਬੰਧੀ ਫੈਲ ਰਹੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਨੂੰ ਲੈ ਕੇ ਦਹਿਸ਼ਤ 'ਚ ਆਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਤੰਦਰੁਸਤ ਵਿਅਕਤੀ ਨੂੰ ਮਾਸਕ ਪਾਉਣ ਦੀ ਕੋਈ ਲੋੜ ਨਹੀਂੇ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਜ਼ੁਕਾਮ ਜਾਂ ਖਾਂਸੀ ਹੈ ਅਤੇ ਉਹ ਚਾਹੁੰਦਾ ਹੈ ਕਿ ਇਸ ਦੀ ਇਫੈਕਸ਼ਨ ਕਿਸੇ ਹੋਰ ਤਕ ਨਾ ਪਹੁੰਚੇ ਤਾਂ ਉਹ ਮਾਸਕ ਪਹਿਨ ਸਕਦਾ ਹੈ। ਉਨ੍ਹਾਂ ਕਿਹਾ ਕਿ ਐਨ-96 ਮਾਸਕ ਵੀ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਪਹਿਨਣ ਦੀ ਜ਼ਰੂਰਤ ਹੈ, ਜਿਹੜੇ ਕੋਰੋਨਾਵਾਇਰਸ ਤੋਂ ਪੀੜਤਾਂ ਨਾਲ ਸੰਪਰਕ ਵਿਚ ਹਨ ਅਰਥਾਤ ਉਨ੍ਹਾਂ ਦਾ ਇਲਾਜ਼ ਕਰ ਰਹੇ ਹਨ। ਹੈਲਥ ਕੇਅਰ ਵਜੋਂ ਕੰਮ ਕਰ ਰਹੇ ਕਾਮਿਆਂ ਨੂੰ ਮਾਸਕ ਪਹਿਨ ਲੈਣਾ ਚਾਹੀਦਾ ਹੈ।

ਦੋ ਮੀਟਰ ਤਕ ਹੀ ਫੈਲ ਸਕਦਾ ਹੈ ਕੋਰੋਨਾਵਾਇਰਸ
ਡਾ. ਗੁਲੇਰੀਆ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਦੇ ਆਲੇ-ਦੁਆਲੇ ਕੋਈ ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ ਹੈ ਤਾਂ ਇਸ ਤੋਂ ਉਥੇ ਮੌਜੂਦ ਹਰ ਕਿਸੇ ਲਈ ਡਰਨ ਦੀ ਲੋੜ ਨਹੀਂ ਹੈ। ਕਿਉਂਕਿ ਕੋਰੋਨਾਵਾਇਰਸ ਇਕ ਡਰਾਪਲੈਸ ਇਨਫੈਕਸ਼ਨ ਹੈ ਜੋ ਕੇਵਲ 2 ਮੀਟਰ ਤਕ ਹੀ ਜਾਣ ਦੇ ਸਮਰੱਥ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਤੋਂ ਪੀੜਤ ਕੋਈ ਮਰੀਜ਼ ਖੰਘਦਾ ਹੈ ਤਾਂ ਇਸ ਦਾ ਵਾਇਰਸ ਸਿਰਫ਼ ਦੋ ਮੀਟਰ ਤਕ ਹੀ ਹਵਾ 'ਚ ਰਹਿ ਸਕਦਾ ਹੈ। ਇਸੇ ਦੌਰਾਨ ਜੇਕਰ ਇਸ ਦੋ ਮੀਟਰ ਦੇ ਘੇਰੇ ਅੰਦਰ ਕੋਈ ਵਿਅਕਤੀ ਸਾਹ ਲੈਂਦਾ ਹੈ ਤਾਂ ਇਹ ਵਾਇਰਸ ਉਸ ਅੰਦਰ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵਾਇਰਸ ਸਰਫੇਸ ਯਾਨੀ ਸੱਤਾ 'ਤੇ ਜਿਵੇਂ ਕਿ ਦਰਵਾਜ਼ੇ, ਮੇਜ ਜਾਂ ਕਿਸੇ ਹੋਰ ਅਜਿਹੀ ਸੱਤਾ 'ਤੇ ਆ ਸਕਦਾ ਹੈ। ਇਸ ਲਈ ਹੱਥ ਧੋਦੇ ਰਹਿਣਾ ਚਾਹੀਦਾ ਹੈ।