ਕੋਰੋਨਾਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਹੋਈ ਚੌਕਸ, ਹੈਲਪਲਾਈਨ ਨੰਬਰ ਕੀਤਾ ਜਾਰੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਿਲ੍ਹਾ ਪੱਧਰ 'ਤੇ ਨੋਡਲ ਅਫ਼ਸਰ ਤੈਨਾਤ

file photo

ਚੰਡੀਗੜ੍ਹ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਅੰਦਰ ਤੇਜ਼ੀ ਨਾਲ ਪੈਰ ਪਸਾਰਦਾ ਜਾ ਰਿਹਾ ਹੈ। ਦੁਨੀਆਂ ਦੇ ਬਾਕੀ ਦੇਸ਼ਾਂ ਤੋਂ ਬਾਅਦ ਹੁਣ ਭਾਰਤ ਵੀ ਕੋਰੋਨਾਵਾਇਰਸ ਨੇ ਦਸਤਕ ਦੇ ਦਿਤੀ ਹੈ। ਪਿਛਲੇ ਦਿਨਾਂ ਦੌਰਾਨ ਦਿੱਲੀ ਤੋਂ ਇਲਾਵਾ ਦੇਸ਼ ਦੇ ਹੋਰ ਸ਼ਹਿਰਾਂ ਅੰਦਰ ਵੀ ਕੋਰੋਨਾ ਵਾਇਰਸ ਵਰਗੀਆਂ ਅਲਾਮਤਾਂ ਤੋਂ ਪੀੜਤਾਂ ਦੀ ਪਛਾਣ ਕੀਤੀ ਗਈ ਹੈ। ਇਸੇ ਦੌਰਾਨ ਪੰਜਾਬ ਅੰਦਰ ਵੀ ਚੌਕਸ ਹੋ ਗਈ ਹੈ।

ਪੰਜਾਬ ਸਰਕਾਰ ਨੇ ਇਕ ਹੈਲਪਲਾਈਨ ਨੰਬਰ ਜਾਰੀ ਕਰ ਦਿਤਾ ਹੈ ਜਿਸ 'ਤੇ ਸੰਪਰਕ ਕਰ ਕੇ ਕੋਈ ਵੀ ਵਿਅਕਤੀ ਕੋਰੋਨਾਵਾਇਰਸ ਸਬੰਧੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਭਾਰਤ ਅੰਦਰ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ 104 ਜਾਰੀ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਰਾਮੈਡੀਕਲ ਕੌਂਸਲਰ ਰਾਹੁਲ ਨੇ ਦਸਿਆ ਕਿ ਇਹ ਇਕ ਟੋਲ ਫ਼੍ਰੀ ਨੰਬਰ ਹੈ। ਇਹ ਸਿਹਤ ਵਿਭਾਗ ਦੀ ਮੈਡੀਕਲ ਹੈਲਪਲਾਈਨ ਹੈ, ਜਿਸ 'ਤੇ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਸੰਪਰਕ ਕਰ ਕੇ ਕੋਰੋਨਾਵਾਇਰਸ ਸਬੰਧੀ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਨੇ ਜ਼ਿਲ੍ਹਾ ਪੱਧਰ 'ਤੇ ਨੋਡਲ ਅਫ਼ਸਰ ਤੈਨਾਤ ਕਰ ਦਿਤੇ ਹਨ। ਇਹ ਅਫ਼ਸਰ ਵਾਇਰਸ ਤੋਂ ਪੀੜਤਾਂ ਦੀ ਪਛਾਣ ਕਰਕੇ ਮਰੀਜ਼ ਨੂੰ ਬਣਦੀ ਸਹਾਇਤਾ ਮੁਹੱਈਆ ਕਰਵਾਉਣਗੇ।

ਇਸੇ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਵੀ ਇਕ ਯਾਤਰਾ ਸਲਾਹਕਾਰ ਜਾਰੀ ਕੀਤਾ ਹੈ। ਇਸ ਦੇ ਅਨੁਸਾਰ 3 ਮਾਰਚ ਜਾਂ ਇਸ ਤੋਂ ਪਹਿਲਾਂ ਇਟਲੀ, ਈਰਾਨ, ਦੱਖਣੀ ਕੋਰੀਆ, ਜਪਾਨ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਨਿਯਮਤ ਵੀਜ਼ਾ ਜਾਂ ਈ-ਵੀਜ਼ਾ ਰੱਦ ਕਰ ਦਿਤੇ ਗਏ ਹਨ ਜੋ ਅਜੇ ਤਕ ਭਾਰਤ 'ਚ ਦਾਖ਼ਲ ਨਹੀਂ ਹੋਏ ਹਨ।

ਇਸ ਤੋਂ ਇਲਾਵਾ ਜਪਾਨ ਅਤੇ ਦੱਖਣੀ ਕੋਰੀਆ ਦੇ ਨਾਗਰਿਕਾ ਨੂੰ 3 ਮਾਰਚ ਤਕ ਕੀਤਾ ਵੀਜ਼ਾ ਅਰੀਵਲ ਸਸਪੈਂਡ ਕਰ ਦਿਤੇ ਗਏ ਹਨ। ਉਨਾਂ ਕਿਹਾ ਕਿ ਜਿਨ੍ਹਾਂ ਕੋਲ ਭਾਰਤ ਦੀ ਯਾਤਰਾ ਨਾ ਟਾਲਣ ਵਾਲੇ ਕਾਰਨ ਹਨ, ਉਹ ਨੇੜਲੇ ਭਾਰਤੀ ਦੂਤਾਵਾਸ ਜਾਂ ਕੌਸਲੇਟ ਨਾਲ ਸੰਪਰਕ ਕਰ ਸਕਦੇ ਹਨ।