ਕੱਲ੍ਹ ਤੋਂ ਲੱਗ ਸਕਦਾ ਹੈ ਮਹਿੰਗਾਈ ਦਾ ਝਟਕਾ! ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦਾ ਹੈ 25 ਰੁਪਏ ਤੱਕ ਇਜ਼ਾਫਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਸੋਮਵਾਰ ਨੂੰ 130 ਡਾਲਰ ਪ੍ਰਤੀ ਬੈਰਲ ਨੂੰ ਛੂਹ ਗਈਆਂ, ਜੋ 2008 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ।

Petrol-Diesel Price

 


ਨਵੀਂ ਦਿੱਲੀ: ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਸੋਮਵਾਰ ਨੂੰ 130 ਡਾਲਰ ਪ੍ਰਤੀ ਬੈਰਲ ਨੂੰ ਛੂਹ ਗਈਆਂ, ਜੋ 2008 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਅਮਰੀਕਾ ਅਤੇ ਉਸ ਦੇ ਸਹਿਯੋਗੀ ਰੂਸ ਤੋਂ ਤੇਲ ਦੀ ਦਰਾਮਦ 'ਤੇ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਗਲੋਬਲ ਬਾਜ਼ਾਰਾਂ 'ਚ ਈਰਾਨ ਦੇ ਕੱਚੇ ਤੇਲ ਦੀ ਆਮਦ 'ਚ ਦੇਰੀ ਹੋ ਸਕਦੀ ਹੈ। ਇਹਨਾਂ ਕਾਰਨਾਂ ਕਰਕੇ ਕੱਚੇ ਤੇਲ ਦੀਆਂ ਕੀਮਤਾਂ 14 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਇਸ ਕਾਰਨ ਆਉਣ ਵਾਲੇ ਦਿਨਾਂ 'ਚ ਭਾਰਤ 'ਚ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 25 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਸਕਦਾ ਹੈ।

Petrol Diesel Price

ਰਾਇਟਰਜ਼ ਅਨੁਸਾਰ ਬ੍ਰੈਂਟ ਦੀ ਕੀਮਤ ਸੋਮਵਾਰ ਨੂੰ ਸ਼ੁਰੂਆਤੀ ਵਪਾਰ ਵਿਚ  11.67 ਡਾਲਰ ਜਾਂ 9.9% ਵਧ ਕੇ  129.78 ਡਾਲਰ ਪ੍ਰਤੀ ਬੈਰਲ ਹੋ ਗਈ। ਇਸੇ ਤਰ੍ਹਾਂ ਯੂ.ਐਸ. ਵੈਸਟ ਟੈਕਸਾਸ ਇੰਟਰਮੀਡੀਏਟ (WTI) ਕਰੂਡ ਵੀ 10.83 ਡਾਲਰ ਭਾਵ 9.4% ਵਧ ਕੇ 126.51 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਮਈ 2020 ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿਚ ਇਹ ਸਭ ਤੋਂ ਵੱਡਾ ਇਕ ਦਿਨ ਦਾ ਉਛਾਲ ਹੈ। ਜੁਲਾਈ 2008 ਵਿਚ ਬ੍ਰੈਂਟ 147.50 ਡਾਲਰ ਪ੍ਰਤੀ ਬੈਰਲ ਅਤੇ ਡਬਲਯੂ.ਟੀ.ਆਈ. 147.27 ਡਾਲਰ ਪ੍ਰਤੀ ਬੈਰਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਐਤਵਾਰ ਨੂੰ ਵਪਾਰ ਦੌਰਾਨ ਦੋਵਾਂ ਦੀ ਕੀਮਤ ਕ੍ਰਮਵਾਰ 139.13 ਡਾਲਰ ਅਤੇ 130.50 ਡਾਲਰ ਤੱਕ ਪਹੁੰਚ ਗਈ ਸੀ।

Petrol Price

ਇਸ ਦੌਰਾਨ ਦੇਸ਼ 'ਚ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 25 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਉੱਤਰ ਪ੍ਰਦੇਸ਼ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਕਾਰਨ ਪਿਛਲੇ ਚਾਰ ਮਹੀਨਿਆਂ ਤੋਂ ਪੈਟ੍ਰੋਲ -ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਨਹੀਂ ਹੋਇਆ ਹੈ। ਜਦੋਂ ਪਿਛਲੇ ਸਾਲ ਨਵੰਬਰ ਦੇ ਸ਼ੁਰੂ ਵਿਚ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਆਖਰੀ ਵਾਰ ਬਦਲਾਅ ਕੀਤਾ ਗਿਆ ਸੀ, ਉਦੋਂ ਔਸਤਨ ਕੱਚੇ ਤੇਲ ਦੀ ਕੀਮਤ 81.5 ਡਾਲਰ ਪ੍ਰਤੀ ਬੈਰਲ ਸੀ। ਹੁਣ ਇਹ 130 ਨੂੰ ਪਾਰ ਕਰ ਗਿਆ ਹੈ। ਯਾਨੀ ਹੁਣ ਇਸ ਦੀ ਕੀਮਤ ਕਰੀਬ 50 ਡਾਲਰ ਵਧ ਗਈ ਹੈ।

Petrol-Diesel Price in India

ਮਾਹਰਾਂ ਅਨੁਸਾਰ ਕੱਚੇ ਤੇਲ ਦੀ ਕੀਮਤ ਵਿਚ ਇਕ ਡਾਲਰ ਦੇ ਵਾਧੇ ਨਾਲ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 50 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੁੰਦਾ ਹੈ। ਇਸ ਹਿਸਾਬ ਨਾਲ ਆਉਣ ਵਾਲੇ ਦਿਨਾਂ 'ਚ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ 'ਚ 25 ਰੁਪਏ ਦਾ ਵਾਧਾ ਹੋ ਸਕਦਾ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਅੱਜ ਆਖਰੀ ਪੜਾਅ ਦੀ ਵੋਟਿੰਗ ਚੱਲ ਰਹੀ ਹੈ ਅਤੇ ਕੱਲ੍ਹ ਯਾਨੀ ਮੰਗਲਵਾਰ ਨੂੰ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਣਾ ਸ਼ੁਰੂ ਹੋ ਸਕਦਾ ਹੈ। ਦਿੱਲੀ 'ਚ ਇਸ ਸਮੇਂ ਪੈਟ੍ਰੋਲ ਦੀ ਕੀਮਤ 95.41 ਰੁਪਏ ਅਤੇ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਹੈ।