ਬੀਜੇਪੀ ਦੇ ਗਾਣੇ ‘ਤੇ ਚੋਣ ਕਮਿਸ਼ਨ ਨੇ ਲਗਾਈ ਰੋਕ, ਕਾਂਗਰਸ ਦੇ ਗੀਤ ‘ਤੇ ਵੀ ਇਤਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਮਿਸ਼ਨ ਨੇ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਇਕ ਗੀਤ ਦੇ ਬੋਲ ਹਟਾਉਣ ਲਈ ਕਿਹਾ ਸੀ, ਜੋ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਪ੍ਰਚਾਰ ਦਾ ਹਿੱਸਾ ਹਨ।

BJP

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਬੇਹਤਰ ਪ੍ਰਦਰਸ਼ਨ ਕਰਨ ਲਈ ਰਾਜਨੀਤਿਕ ਪਾਰਟੀਆਂ ਦਾ ਚੋਣ ਪ੍ਰਚਾਰ ਜਾਰੀ ਹੈ। ਵੱਖ ਵੱਖ ਪਾਰਟੀਆਂ ਆਪਣੇ ਆਪਣੇ ਚੁਣਾਵੀ ਗਾਣਿਆਂ ਨੂੰ ਬਣਾਉਣ ਅਤੇ ਉਹਨਾਂ ਦਾ ਪ੍ਰਚਾਰ ਕਰਨ ਵਿਚ ਜੁਟੀਆਂ ਹਨ। ਹਾਲਾਂਕਿ ਇਸੇ ਲੜੀ ਵਿਚ ਪਹਿਲਾਂ ਹੀ ਕੇਂਦਰ ਦੀ ਸੱਤਾਧਾਰੀ ਪਾਰਟੀ ਦੇ ਥੀਮ ਸੋਂਗ ਦੇ ਸ਼ਬਦਾਂ ਵਿਚ ਬਦਲਾਅ ਕਰਨ ਲਈ ਕਿਹਾ ਹੈ। ਕਮਿਸ਼ਨ ਨੇ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਇਕ ਗੀਤ ਦੇ ਬੋਲ ਹਟਾਉਣ ਲਈ ਕਿਹਾ ਸੀ, ਜੋ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਪ੍ਰਚਾਰ ਦਾ ਹਿੱਸਾ ਹਨ।

ਚੋਣ ਕਮਿਸ਼ਨ ਨੇ ਕਾਂਗਰਸ ਨੂੰ ਕਿਹਾ ਸੀ ਕਿ ਗਾਣੇ ਵਿਚ ਕੁਝ ਬੋਲਾਂ ‘ਚ ਬਦਲਾਅ ਕਰਨ ਤੋਂ ਬਾਅਦ ਗਾਣੇ ਨੂੰ ਰਿਲੀਜ਼ ਕੀਤਾ ਜਾਵੇ। ਦੱਸ ਦਈਏ ਕਿ ਕਾਂਗਰਸ ਦੇ ਜਿਸ ਗੀਤ ‘ਤੇ ਰੋਕ ਲਗਾਈ ਗਈ ਹੈ, ਉਸਦੇ ਬੋਲ ਹਨ ‘ਤੁਮ ਝੂਠੀ ਚਾਲੇਂ ਚਲ ਕੇ, ਸ਼ਹਿਰੋਂ ਕੇ ਨਾਮ ਬਦਲ ਕੇ, ਨੋਟੋਂ ਕੋ ਕਚਰਾ ਕਰ ਕੇ, ਕਹਤੇ ਹੋ ਕਿ ਹਮ ਕੋ ਚੁਨ ਲੋ... ਅਬ ਤੁਮ ਭੀ ਹਮਾਰੀ ਸੁਨ ਲੋ’।

ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਦੀ ਰੋਕ ਤੋਂ ਬਾਅਦ ਕਾਂਗਰਸ ਨੇ ਦੁਬਾਰਾ ਬਦਲਾਅ ਕੀਤਾ, ਜਿਸ ਨੂੰ ਹਰੀ ਝੰਡੀ ਮਿਲ ਗਈ। ਦੱਸ ਦਈਏ ਕਿ ਚੋਣ ਕਮਿਸ਼ਨ ਨੇ ਮੱਧ ਪ੍ਰਦੇਸ਼ ਵਿਚ ਕਾਂਗਰਸ ਕਮੇਟੀ ਵੱਲੋਂ ਭੇਜੇ ਗਏ ਗਾਣੇ ‘ਤੇ ਇਤਰਾਜ਼ ਜਤਾਇਆ ਹੈ।

ਦੂਜੇ ਪਾਸੇ ਚੋਣ ਕਮਿਸ਼ਨ ਨੇ ਕੇਂਦਰੀ ਮੰਤਰੀ ਬਾਬੂਲ ਸੁਪ੍ਰਿਓ ਵੱਲੋਂ ਚੋਣ ਪ੍ਰਚਾਰ ਲਈ ਤਿਆਰ ਕੀਤੇ ਗਏ ਗਾਣੇ ਨੂੰ ਭਾਜਪਾ ਰੈਲੀ ਵਿਚ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਹੋਰ ਚੋਣ ਅਧਿਕਾਰੀ ਸੰਜੂ ਬਸੁ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚੋਣ ਕਮਿਸ਼ਨ ਦੇ ਮੀਡੀਆ ਸਰਟਿਫੀਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਨੇ ਗਾਣੇ ਨੂੰ ਇਜਾਜ਼ਤ ਨਹੀਂ ਦਿੱਤੀ ਹੈ। ਚੋਣ ਕਮਿਸ਼ਨ ਵੱਲੋਂ ਬਦਲਾਅ ਕੀਤੇ ਗਾਣੇ ਦੀ ਮੰਗ ਕੀਤੀ ਗਈ ਹੈ, ਪਰ ਪਾਰਟੀ ਵੱਲੋਂ  ਹੁਣ ਤੱਕ ਗਾਣਾ ਜਮ੍ਹਾਂ ਨਹੀਂ ਕੀਤਾ ਗਿਆ।