ਮਮਤਾ ਨੇ ਦੇਸ਼ 'ਚ ਘੁਸਪੈਠ ਕਰਨ ਵਾਲਿਆਂ ਦੀ ਸੁਰੱਖਿਆ ਕੀਤੀ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਮੋਦੀ-ਮੋਦੀ ਦੇ ਨਾਅਰਿਆਂ ਨਾਲ 'ਸਪੀਡ ਬ੍ਰੇਕਰ' ਮਮਤਾ ਦੀਦੀ ਦੀ ਨੀਂਦ ਉੱਡੀ

Narendra Modi

ਕੋਲਕਾਤਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਛਮੀ ਬੰਗਾਲ ਦੇ ਕੂਚਬਿਹਾਰ 'ਚ ਚੋਣ ਰੈਲੀ ਦੌਰਾਨ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਜ਼ੋਰਦਾਰ ਹਮਲਾ ਬੋਲਿਆ। ਮੋਦੀ ਨੇ ਕੂਚਬਿਹਾਰ ਦੇ ਰਾਸਮੇਲਾ ਮੈਦਾਨ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਮਤਾ ਨੇ ਸੂਬੇ 'ਚ ਗੁੰਡਿਆਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ। ਮੋਦੀ ਨੇ ਕਿਹਾ ਕਿ 'ਸਪੀਡ ਬ੍ਰੇਕਰ ਦੀਦੀ' ਨੇ ਕਈ ਕੇਂਦਰੀ ਪ੍ਰਾਜੈਕਟਾਂ 'ਤੇ ਬ੍ਰੇਕ ਲਗਾ ਦਿੱਤੀ ਹੈ ਅਤੇ ਲੋਕਾਂ ਨੂੰ ਦੇਸ਼ ਦੇ ਦੂਜੇ ਹਿੱਸਿਆਂ 'ਚ ਮਿਲਣ ਵਾਲੇ ਲਾਭਾਂ ਤੋਂ ਵਾਂਝਾ ਰੱਖਿਆ ਹੈ।

ਮੋਦੀ ਨੇ ਕਿਹਾ, "ਮਾਂ,ਮਿੱਟੀ ਅਤੇ ਮਨੁੱਖ ਦਾ ਵਾਅਦਾ ਇੱਕ ਪਾਸੇ ਅਤੇ ਟੀ.ਐਮ.ਸੀ. ਦੀ ਸੱਚਾਈ ਦੂਜੇ ਪਾਸੇ ਹੈ। ਵੋਟ ਬੈਂਕ ਦੀ ਰਾਜਨੀਤੀ ਕਾਰਨ ਦੀਦੀ ਨੇ ਮਾਂ ਤੋਂ ਕਿਨਾਰਾ ਕਰ ਲਿਆ ਅਤੇ ਉਨ੍ਹਾਂ ਲੋਕਾਂ ਨਾਲ ਖੜੀ ਹੋ ਗਈ, ਜੋ ਭਾਰਤ ਦੇ ਟੁਕੜੇ-ਟੁਕੜੇ ਹੋਣ ਦੇ ਨਾਅਰੇ ਲਗਾਉਂਦੇ ਹਨ। ਇਹ ਦੇਸ਼ ਦੀ ਇੱਜਤ ਨਾਲ ਖਿਲਵਾੜ ਹੈ। ਮਮਤਾ ਨੇ ਮਿੱਟੀ ਨੂੰ ਵੀ ਧੋਖਾ ਦਿੱਤਾ ਹੈ, ਜਦੋਂ ਉਨ੍ਹਾਂ ਨੇ ਆਪਣੇ ਰਾਜਨੀਤਿਕ ਫਾਇਦਿਆਂ ਲਈ ਦੇਸ਼ 'ਚ ਘੁਸਪੈਠ ਕਰਨ ਵਾਲਿਆਂ ਦੀ ਸੁਰੱਖਿਆ ਕੀਤੀ।" ਮੋਦੀ ਨੇ ਪਛਮੀ ਬੰਗਾਲ ਦੇ ਰੋਜ਼ਵੈਲੀ ਘੁਟਾਲੇ ਦੀ ਚਰਚਾ ਕਰਦਿਆਂ ਕਿਹਾ ਕਿ ਰੋਜ਼ ਦੀ ਚਰਚਾ ਕਰਨ ਨਾਲ ਲੋਕਾਂ ਨੂੰ ਫੁੱਲ ਯਾਦ ਆਉਂਦਾ ਹੈ ਪਰ ਪਛਮੀ ਬੰਗਾਲ ਦੇ ਲੋਕਾਂ ਨੂੰ ਰੋਜ਼ ਕੰਡਿਆਂ ਦਾ ਅਹਿਸਾਸ ਕਰਵਾਉਂਦਾ ਹੈ।

ਮੋਦੀ ਨੇ ਕਿਹਾ ਕਿ ਨਾਰਦ ਮੁਨੀ ਨਾਰਾਇਣ-ਨਾਰਇਣ ਦਾ ਜਾਪ ਕਰਦੇ ਸਨ ਪਰ ਇਨ੍ਹਾਂ ਲੋਕਾਂ ਨੇ ਪਛਮੀ ਬੰਗਾਲ ਦੀ ਪਛਾਣ ਨਾਰਦਾ ਘੁਟਾਲੇ ਨਾਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਲੁੱਟਣ ਵਾਲੇ ਇਕ-ਇਕ ਸਖ਼ਸ਼ ਦਾ ਹਿਸਾਬ ਇਹ ਚੌਕੀਦਾਰ ਕਰੇਗਾ। ਮੋਦੀ ਨੇ ਕਿਹਾ, "ਤੁਸੀਂ ਜਿੰਨੇ ਇੱਥੇ ਮੋਦੀ-ਮੋਦੀ ਦੇ ਨਾਅਰੇ ਲਗਾ ਰਹੇ ਹੋ, ਉਸ ਨਾਲ ਇੱਕ ਸ਼ਖ਼ਸ ਦੀ ਨੀਂਦ ਉੱਡਦੀ ਜਾਵੇਗੀ। ਤੁਸੀਂ ਜਾਣਦੇ ਹੋ ਉਹ ਸ਼ਖ਼ਸ ਹੈ 'ਸਪੀਡ ਬ੍ਰੇਕਰ ਮਮਤਾ ਦੀਦੀ', ਜਿਨ੍ਹਾਂ ਦੀ ਨੀਂਦ ਉੱਡ ਗਈ ਹੈ ਅਤੇ ਗੁੱਸੇ 'ਚ ਅਫ਼ਸਰਾਂ ਨੂੰ ਕੋਸ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਦੀਦੀ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜਨਤਾ ਨੇ ਮਨ ਬਣਾ ਲਿਆ ਹੈ ਕਿ ਹੁਣ ਬੰਗਾਲ 'ਚ ਗੁੰਡਾਗਰਦੀ ਨਹੀਂ ਚੱਲੇਗੀ ਅਤੇ ਕਿਸੇ ਨੂੰ ਡਰਨ ਦੀ ਜ਼ਰੂਰਤ ਵੀ ਨਹੀਂ ਹੈ, ਤੁਹਾਡੀ ਕੋਈ ਵੋਟ ਖੋਹ ਨਹੀਂ ਸਕੇਗਾ।