ਦਿੱਲੀ ਹਾਈ ਕੋਰਟ ਦਾ ਆਦੇਸ਼, ਕਾਰ ਵਿਚ ਇਕੱਲੇ ਬੈਠਣ ਸਮੇਂ ਵੀ ਮਾਸਕ ਲਗਾਉਣਾ ਜ਼ਰੂਰੀ
ਕੋਰੋਨਾ ਦੇ ਚਲਦਿਆਂ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ ਮਾਸਕ- ਦਿੱਲੀ ਹਾਈ ਕੋਰਟ
ਨਵੀਂ ਦਿੱਲੀ: ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਦੇ ਚਲਦਿਆਂ ਦਿੱਲੀ ਹਾਈ ਕੋਰਟ ਨੇ ਇਕੱਲੇ ਗੱਡੀ ਚਲਾਉਣ ਵਾਲੇ ਵਿਅਕਤੀ ਲਈ ਵੀ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਮਾਸਕ ਇਕ ਸੁਰੱਖਿਆ ਕਵਚ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਦਾ ਹੈ। ਹਾਈ ਕੋਰਟ ਨੇ ਕਿਹਾ ਕਿ ਵਾਹਨ ਨੂੰ ਪਬਲਿਕ ਪਲੇਸ ਮੰਨਿਆ ਜਾਵੇ।
ਦਿੱਲੀ ਹਾਈ ਕੋਰਟ ਨੇ ਇਹ ਫੈਸਲਾ ਉਸ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਸੁਣਾਇਆ ਹੈ, ਜਿਸ ਵਿਚ ਸਰਕਾਰ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਵਿਚ ਇਕੱਲੇ ਕਾਰ ਚਾਲਕ ਵੱਲੋਂ ਮਾਸਕ ਨਾ ਪਾਉਣ ’ਤੇ ਜ਼ੁਰਮਾਨਾ ਲਗਾਉਣ ਦੀ ਗੱਲ ਕਹੀ ਗਈ ਸੀ। ਕੋਰਟ ਨੇ ਕਿਹਾ ਕਿ ਇਹ ਸੁਰੱਖਿਆ ਕਵਚ ਦੀ ਤਰ੍ਹਾਂ ਹੈ ਜੋ ਇਸ ਨੂੰ ਪਾਉਣ ਵਾਲੇ ਅਤੇ ਉਸ ਦੇ ਆਸਪਾਸ ਦੇ ਲੋਕਾਂ ਨੂੰ ਵੀ ਸੁਰੱਖਿਅਤ ਰੱਖਦਾ ਹੈ।
ਦਰਅਸਲ ਹਾਈ ਕੋਰਟ ਦੀ ਬੈਂਚ ਪਟੀਸ਼ਨਰ ਸੌਰਭ ਸ਼ਰਮਾ ਦੀ ਉਸ ਦਲੀਲ ’ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਵਕੀਲ ਨੇ ਦਾਅਵਾ ਕੀਤਾ ਹੈ ਕਿ ਉਹ 9 ਸਤੰਬਰ 2020 ਨੂੰ ਇਕੱਲਾ ਅਪਣੀ ਕਾਰ ਵਿਚ ਜਾ ਰਿਹਾ ਸੀ। ਇਸ ਦੌਰਾਨ ਦਿੱਲੀ ਪੁਲਿਸ ਨੇ ਉਸ ਨੂੰ ਰੋਕਿਆ ਤੇ ਮਾਸਕ ਨਾ ਪਾਉਣ ਕਾਰਨ 500 ਰੁਪਏ ਦਾ ਜ਼ੁਰਮਾਨਾ ਕੀਤਾ।
ਦੂਜੇ ਪਾਸੇ ਸਿਹਤ ਮੰਤਰਾਲੇ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਜਿਹਾ ਕੋਈ ਨਿਰਦੇਸ਼ ਲਾਗੂ ਨਹੀਂ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਹੋਵੇ ਕਿ ਨਿੱਜੀ ਵਾਹਨ ਇਕੱਲੇ ਚਲਾ ਰਹੇ ਵਿਅਕਤੀ ਨੂੰ ਮਾਸਕ ਪਾਉਣਾ ਪਵੇਗਾ। ਹਾਈ ਕੋਰਟ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਚੁਣੌਤੀ ਬਹੁਤ ਵੱਡੀ ਹੈ। ਮਾਸਕ ਪਾਉਣਾ ਜ਼ਰੂਰੀ ਹੈ। ਮਾਸਕ ਨੇ ਮਹਾਂਮਾਰੀ ਵਿਚ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ।