ਕੋਰੋਨਾ ਵੈਕਸੀਨ ਲਈ ਉਮਰ ਸੀਮਾ ’ਤੇ ਬੋਲੇ ਰਾਹੁਲ ਗਾਂਧੀ, ਹਰ ਭਾਰਤੀ ਸੁਰੱਖਿਅਤ ਜੀਵਨ ਦਾ ਹੱਕਦਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਟਵੀਟ ਜ਼ਰੀਏ ਕੇਂਦਰ ਸਰਕਾਰ  ’ਤੇ ਬੋਲਿਆ ਹਮਲਾ

Rahul Gandhi

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਟੀਕਾਕਰਣ ਦੀ ਮੁਹਿੰਮ ਜਾਰੀ ਹੈ। ਇਸ ਦੌਰਾਨ ਕੋਰੋਨਾ ਵੈਕਸੀਨ ਲਗਵਾਉਣ ਲਈ ਘੱਟੋ ਘੱਟ ਉਮਰ 45 ਸਾਲ ਤੈਅ ਕੀਤੀ ਗਈ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਮਲਾ ਬੋਲਿਆ ਹੈ।

ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਹਰ ਭਾਰਤੀ ਸੁਰੱਖਿਅਤ ਜੀਵਨ ਦਾ ਹੱਕਦਾਰ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ ਜ਼ਰੂਰਤਮੰਦਾਂ ਅਤੇ ਲੋੜਵੰਦਾਂ ’ਤੇ ਬਹਿਸ ਕਰਨਾ ਹਾਸੋਹੀਣਾ ਹੈ। ਸੁਰੱਖਿਅਤ ਜੀਵਨ ਹਰ ਭਾਰਤੀ ਦਾ ਹੱਕ ਹੈ’। ਦੱਸ ਦਈਏ ਕਿ ਇਕ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸਰਕਾਰ ਦਾ ਟੀਚਾ ਸਾਰਿਆਂ ਨੂੰ ਵੈਕਸੀਨ ਦੇਣ ਦਾ ਨਹੀਂ ਬਲਕਿ ਉਹਨਾਂ ਨੂੰ ਵੈਕਸੀਨ ਦੇਣ ਦਾ ਹੈ, ਜਿਨ੍ਹਾਂ ਨੂੰ ਇਸ ਦੀ ਲੋੜ ਹੈ।

ਇਸ ਤੋਂ ਪਹਿਲਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਸੁਝਾਅ ਦਿੱਤਾ ਸੀ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾਕਰਣ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਚਿੱਠੀ ਵਿਚ ਕਿਹਾ, "ਅਸੀਂ ਇਸ ਵੇਲੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾ ਰਹੇ ਹਾਂ। ਲਾਗ ਦੀ ਦੂਜੀ ਲਹਿਰ ਦੇ ਤੇਜ਼ੀ ਨਾਲ ਫੈਲਣ ਨੂੰ ਧਿਆਨ ਵਿਚ ਰੱਖਦਿਆਂ, ਅਸੀਂ ਸੁਝਾਅ ਦਿੰਦੇ ਹਾਂ ਕਿ ਟੀਕਾਕਰਣ ਮੁਹਿੰਮ ਦੀ ਰਣਨੀਤੀ ਨੂੰ ਤੁਰੰਤ ਪ੍ਰਭਾਵ ਨਾਲ ਜੰਗੀ ਪੱਧਰ 'ਤੇ ਵਧਾਇਆ ਜਾਵੇ।"