ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਅਣਮਿੱਥੇ ਸਮੇਂ ਲਈ ਮੁਲਤਵੀ
ਸੰਸਦ ਦਾ ਬਜਟ ਸੈਸ਼ਨ ਦੋ ਪੜਾਵਾਂ ਵਿਚ ਚੱਲਿਆ। ਪਹਿਲਾ ਪੜਾਅ 31 ਜਨਵਰੀ ਤੋਂ 11 ਫਰਵਰੀ ਤੱਕ ਚੱਲਿਆ।
ਨਵੀਂ ਦਿੱਲੀ: ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਵੀਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਸੰਸਦ ਦੇ ਬਜਟ ਸੈਸ਼ਨ ਦੀ ਇਹ ਕਾਰਵਾਈ 31 ਜਨਵਰੀ ਨੂੰ ਸ਼ੁਰੂ ਹੋਈ ਸੀ। ਸੰਸਦ ਦਾ ਬਜਟ ਸੈਸ਼ਨ ਦੋ ਪੜਾਵਾਂ ਵਿਚ ਚੱਲਿਆ। ਪਹਿਲਾ ਪੜਾਅ 31 ਜਨਵਰੀ ਤੋਂ 11 ਫਰਵਰੀ ਤੱਕ ਚੱਲਿਆ। ਇਸ ਦੌਰਾਨ ਰਾਸ਼ਟਰਪਤੀ ਦਾ ਸੰਬੋਧਨ ਹੋਇਆ।
Om Birla
ਕੇਂਦਰੀ ਬਜਟ-2022 ਪੇਸ਼ ਕੀਤਾ ਗਿਆ। ਇਸ ਤੋਂ ਬਾਅਦ 14 ਮਾਰਚ ਤੋਂ ਸੈਸ਼ਨ ਦਾ ਦੂਜਾ ਪੜਾਅ ਸ਼ੁਰੂ ਹੋਇਆ। ਇਸ ਵਿਚ ਹੋਰ ਵਿਧਾਨਕ ਕੰਮਾਂ ਦੇ ਨਾਲ-ਨਾਲ ਮੁੱਖ ਤੌਰ 'ਤੇ ਬਜਟ ਪਾਸ ਕਰਨ ਦਾ ਕੰਮ ਕੀਤਾ ਗਿਆ। ਇਸ ਕੰਮ ਲਈ 8 ਅਪ੍ਰੈਲ ਤੱਕ ਦਾ ਸਮਾਂ ਰੱਖਿਆ ਗਿਆ ਸੀ ਪਰ ਸੈਸ਼ਨ ਇਕ ਦਿਨ ਪਹਿਲਾਂ ਹੀ ਸਮਾਪਤ ਹੋ ਗਿਆ।
Parliament
ਲੋਕ ਸਭਾ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦੱਸਿਆ ਕਿ ਸੰਸਦ ਦਾ ਬਜਟ ਸੈਸ਼ਨ 31 ਜਨਵਰੀ 2022 ਨੂੰ ਸ਼ੁਰੂ ਹੋਇਆ ਸੀ। 177 ਘੰਟੇ 50 ਮਿੰਟ ਤੱਕ ਚੱਲੇ ਇਸ ਸੈਸ਼ਨ ਵਿਚ 27 ਬੈਠਕਾਂ ਹੋਈਆਂ। ਸੈਸ਼ਨ ਦੇ ਪਹਿਲੇ ਦਿਨ ਰਾਸ਼ਟਰਪਤੀ ਨੇ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ 15 ਘੰਟੇ 13 ਮਿੰਟ ਤੱਕ ਚਰਚਾ ਹੋਈ। ਚਰਚਾ ਤੋਂ ਬਾਅਦ ਧੰਨਵਾਦ ਦਾ ਮਤਾ 7 ਫਰਵਰੀ ਨੂੰ ਆਵਾਜ਼ੀ ਵੋਟ ਰਾਹੀਂ ਪਾਸ ਕੀਤਾ ਗਿਆ।
Parliament
ਸਪੀਕਰ ਨੇ ਦੱਸਿਆ ਕਿ ਸੈਸ਼ਨ ਦੌਰਾਨ 12 ਬਿੱਲ ਪੇਸ਼ ਕੀਤੇ ਗਏ ਅਤੇ 13 ਬਿੱਲ ਪਾਸ ਕੀਤੇ ਗਏ। ਸੈਸ਼ਨ ਦੌਰਾਨ ਪਾਸ ਕੀਤੇ ਗਏ ਕੁਝ ਮਹੱਤਵਪੂਰਨ ਬਿੱਲਾਂ ਵਿਚ ਵਿੱਤ ਬਿੱਲ 2022, ਦਿੱਲੀ ਨਗਰ ਨਿਗਮ ਸੋਧ ਬਿੱਲ 2022, ਸਮੂਹਿਕ ਕਤਲੇਆਮ ਦੇ ਹਥਿਆਰ ਅਤੇ ਉਹਨਾਂ ਦੀ ਸਪੁਰਦਗੀ ਪ੍ਰਣਾਲੀ (ਗੈਰਕਾਨੂੰਨੀ ਗਤੀਵਿਧੀਆਂ ਦੀ ਮਨਾਹੀ) ਸੋਧ ਬਿੱਲ, 2022 ਅਤੇ ਅਪਰਾਧਿਕ ਪ੍ਰਕਿਰਿਆ (ਪਛਾਣ) ਬਿੱਲ, 2022 ਸ਼ਾਮਲ ਹਨ। ਉਹਨਾਂ ਕਿਹਾ ਕਿ ਪ੍ਰਸ਼ਨ ਕਾਲ ਦੌਰਾਨ ਸਦਨ ਵਿਚ ਹਰ ਰੋਜ਼ ਔਸਤਨ ਅੱਠ ਸਵਾਲਾਂ ਦੇ ਜਵਾਬ ਦਿੱਤੇ ਗਏ।