JP Nadda ਦੀ ਪਤਨੀ ਦੀ ਫਾਰਚੂਨਰ ਵਾਰਾਣਸੀ ਤੋਂ ਮਿਲੀ, ਨਾਗਾਲੈਂਡ ਭੇਜਣ ਦੀ ਸੀ ਤਿਆਰੀ
ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਪਤਨੀ ਦੀ ਫਾਰਚੂਨਰ 19 ਮਾਰਚ ਨੂੰ ਦਿੱਲੀ ਤੋਂ ਹੋਈ ਸੀ ਚੋਰੀ
Delhi News : ਪਿਛਲੇ ਮਹੀਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਪਤਨੀ ਦੀ ਜੋ ਫਾਰਚੂਨਰ ਚੋਰੀ ਹੋ ਗਈ ਸੀ , ਉਹ ਹੁਣ ਬਨਾਰਸ ਤੋਂ ਬਰਾਮਦ ਕਰ ਲਈ ਗਈ ਹੈ। ਇਹ ਫਾਰਚੂਨਰ 19 ਮਾਰਚ ਨੂੰ ਦਿੱਲੀ ਦੇ ਗੋਵਿੰਦਪੁਰੀ ਇਲਾਕੇ ਤੋਂ ਚੋਰੀ ਹੋਈ ਸੀ। ਡਰਾਈਵਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਸੀ ਅਤੇ ਇਸ ਤੋਂ ਬਾਅਦ ਪੁਲਿਸ ਨੇ ਕਾਰ ਦੀ ਤਲਾਸ਼ੀ ਲਈ ਵੱਡੀ ਕਾਰਵਾਈ ਸ਼ੁਰੂ ਕੀਤੀ ਸੀ।
ਪੁਲੀਸ ਅਨੁਸਾਰ ਇਸ ਐਸਯੂਵੀ ਦੀ ਚੋਰੀ ਦੇ ਮਾਮਲੇ ਵਿੱਚ ਬਡਕਲ ਵਾਸੀ ਸ਼ਾਹਿਦ ਅਤੇ ਸ਼ਿਵਾਂਗ ਤ੍ਰਿਪਾਠੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਕਾਰ ਚੋਰੀ ਕਰਨ ਲਈ ਕ੍ਰੇਟਾ ਕਾਰ ਵਿੱਚ ਆਏ ਸਨ। ਬਡਕਲ ਲਿਜਾ ਕੇ ਉਨ੍ਹਾਂ ਨੇ ਪਹਿਲਾਂ ਫਾਰਚੂਨਰ ਦੀ ਨੰਬਰ ਪਲੇਟ ਬਦਲੀ ਅਤੇ ਫਿਰ ਅਲੀਗੜ੍ਹ, ਲਖੀਮਪੁਰ ਖੇੜੀ, ਬਰੇਲੀ, ਸੀਤਾਪੁਰ, ਲਖਨਊ ਹੁੰਦੇ ਹੋਏ ਬਨਾਰਸ ਪਹੁੰਚੇ। ਮੁਲਜ਼ਮ ਕਾਰ ਨੂੰ ਨਾਗਾਲੈਂਡ ਭੇਜਣ ਦੀ ਤਿਆਰੀ 'ਚ ਸਨ ਅਤੇ ਇਸ ਨੂੰ ਡਿਮਾਂਡ ਦੇ ਬਾਅਦ ਚੋਰੀ ਕੀਤਾ ਗਿਆ ਸੀ।
19 ਮਾਰਚ ਨੂੰ ਚੋਰੀ ਹੋਈ ਸੀ ਫਾਰਚੂਨਰ
ਇਸ ਮਾਮਲੇ ਵਿੱਚ ਡਰਾਈਵਰ ਜੋਗਿੰਦਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ 19 ਮਾਰਚ ਨੂੰ ਦੁਪਹਿਰ 3 ਵਜੇ ਦੇ ਕਰੀਬ ਉਸ ਨੇ ਸਰਵਿਸ ਸੈਂਟਰ ਵਿੱਚ ਖੜੀ ਕੀਤੀ ਸੀ ਅਤੇ ਖਾਣਾ ਖਾਣ ਲਈ ਘਰ ਚਲਿਆ ਗਿਆ ਸੀ ਪਰ ਜਦੋਂ ਉਹ ਵਾਪਸ ਆਇਆ ਤਾਂ ਕਾਰ ਗਾਇਬ ਸੀ। ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਦੇ ਅਨੁਸਾਰ, ਫਾਰਚੂਨਰ ਨੂੰ ਆਖਰੀ ਵਾਰ ਗੁਰੂਗ੍ਰਾਮ ਵੱਲ ਜਾਂਦੇ ਹੋਏ ਦੇਖਿਆ ਗਿਆ ਸੀ।
ਦੱਸ ਦੇਈਏ ਕਿ ਰਾਜਧਾਨੀ ਦਿੱਲੀ ਵਿੱਚ ਵਾਹਨ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਬਾਰੇ ਇੱਕ ਮੀਡੀਆ ਰਿਪੋਰਟ ਵੀ ਸਾਹਮਣੇ ਆਈ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ (Delhi-NCR) ਵਿੱਚ ਹਰ 14 ਮਿੰਟ ਬਾਅਦ ਵਾਹਨ ਚੋਰੀ ਦੀ ਇੱਕ ਘਟਨਾ ਵਾਪਰਦੀ ਹੈ। ਇਸੇ ਤਰ੍ਹਾਂ ACKO ਨੇ ਵਾਹਨ ਚੋਰੀ ਦੀਆਂ ਘਟਨਾਵਾਂ 'ਤੇ ਕੁਝ ਦਿਨ ਪਹਿਲਾਂ 'ਥੀਫਟ ਐਂਡ ਦਿ ਸਿਟੀ 2024' ਦਾ ਆਪਣਾ ਦੂਜਾ ਸੰਸਕਰਣ ਜਾਰੀ ਕੀਤਾ ਸੀ।ਜਿਸ ਵਿੱਚ ਦੱਸਿਆ ਗਿਆ ਸੀ ਕਿ ਭਾਰਤ ਵਿੱਚ 2022 ਅਤੇ 2023 ਦਰਮਿਆਨ ਵਾਹਨ ਚੋਰੀ ਦੀਆਂ ਘਟਨਾਵਾਂ ਵਿੱਚ 2.5 ਗੁਣਾ ਵਾਧਾ ਹੋਇਆ ਹੈ।