ਈ.ਡੀ. ਨੇ ਕੇ.ਐਲ.ਐਫ. ਮੈਂਬਰ ਜਸਮੀਤ ਹਕੀਮਜ਼ਾਦਾ ਦੀ ਜਾਇਦਾਦ ਜ਼ਬਤ ਕੀਤੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਪੈਦਾ ਹੋਈ ਨਕਦੀ ਭਾਰਤ ਵਿਚ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾਈ ਸੀ, ਗੁਰੂਗ੍ਰਾਮ ’ਚ ਖਰੀਦੀ ਸੀ ਅਚੱਲ ਜਾਇਦਾਦ

Jasmeet Hakimzada

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਕੌਮਾਂਤਰੀ ਨਸ਼ਾ ਤਸਕਰ ਅਤੇ ਗਰਮਖ਼ਿਆਲੀ ਜਸਮੀਤ ਹਕੀਮਜ਼ਾਦਾ ਵਿਰੁਧ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਹਰਿਆਣਾ ’ਚ ਸਥਿਤ ਉਸ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। 

ਸੰਘੀ ਜਾਂਚ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਪੈਦਾ ਹੋਈ ਨਕਦੀ ਭਾਰਤ ਵਿਚ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾਈ ਸੀ। ਇਸ ਪੈਸੇ ਦੀ ਵਰਤੋਂ ਗੁਰੂਗ੍ਰਾਮ (ਹਰਿਆਣਾ) ’ਚ ਉਸ ਦੇ ਨਾਂ ’ਤੇ ਅਚੱਲ ਜਾਇਦਾਦ ਖਰੀਦਣ ਲਈ ਕੀਤੀ ਗਈ ਸੀ। ਈ.ਡੀ. ਨੇ ਕਿਹਾ ਕਿ 1.22 ਕਰੋੜ ਰੁਪਏ ਦੀ ਇਹ ਜਾਇਦਾਦ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ ਤੋਂ) ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਤਹਿਤ ਅਸਥਾਈ ਤੌਰ ’ਤੇ ਜ਼ਬਤ ਕੀਤੀ ਗਈ ਹੈ। 

ਹਕੀਮਜ਼ਾਦਾ ਨੂੰ ਅਮਰੀਕਾ ਵਲੋਂ ਵਿਦੇਸ਼ੀ ਨਾਰਕੋਟਿਕਸ ਕਿੰਗਪਿਨ ਅਹੁਦਾ ਐਕਟ ਦੇ ਤਹਿਤ ‘ਮਹੱਤਵਪੂਰਨ ਵਿਦੇਸ਼ੀ ਨਸ਼ੀਲੇ ਪਦਾਰਥਾਂ ਦੇ ਤਸਕਰ’ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਜਾਇਦਾਦ ਕੰਟਰੋਲ ਦਫਤਰ (ਓ.ਐਫ.ਏ.ਸੀ.) ਵਲੋਂ ਵਿਸ਼ੇਸ਼ ਤੌਰ ’ਤੇ ਨਾਮਜ਼ਦ ਨਾਗਰਿਕ ਵਜੋਂ ਵੀ ਸੂਚੀਬੱਧ ਕੀਤਾ ਗਿਆ ਹੈ। 

ਈ.ਡੀ. ਨੇ ਕਿਹਾ ਕਿ ਉਹ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਅਤੇ ਪਾਕਿਸਤਾਨ ਸਥਿਤ ਕੇ.ਐਲ.ਐਫ. ਦੇ ਸਵੈ-ਐਲਾਨ ਮੁਖੀ ਹਰਮੀਤ ਸਿੰਘ ਉਰਫ ਪੀ.ਐਚ.ਡੀ. ਨਾਲ ਨੇੜਿਓਂ ਜੁੜਿਆ ਹੋਇਆ ਹੈ। ਈ.ਡੀ. ਮੁਤਾਬਕ ਹਕੀਮਜ਼ਾਦਾ ਇਸ ਸਮੇਂ ਦੁਬਈ ’ਚ ਰਹਿੰਦਾ ਹੈ ਅਤੇ ਭਾਰਤ ’ਚ ਨਾਰਕੋ-ਟੈਰਰ ਨੈੱਟਵਰਕ ਸਰਗਰਮੀ ਨਾਲ ਚਲਾ ਰਿਹਾ ਹੈ। 

ਏਜੰਸੀ ਨੇ ਕਿਹਾ ਕਿ ਉਸ ਨੇ ਕੇ.ਐਲ.ਐਫ. ਦੀਆਂ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਰਾਹੀਂ ਪੈਦਾ ਹੋਏ ਅਪਰਾਧ ਦੀ ਰਕਮ ਨੂੰ ਅੰਮ੍ਰਿਤਸਰ (ਪੰਜਾਬ) ਸਥਿਤ ਫੁਲ ਮਨੀ ਚੇਂਜਰਾਂ (ਐਫ.ਐਫ.ਐਮ.ਸੀ.) ਦੀ ਮਦਦ ਨਾਲ ਹਵਾਲਾ ਚੈਨਲਾਂ ਰਾਹੀਂ ਦੁਬਈ ਭੇਜਿਆ। 

ਈ.ਡੀ. ਨੇ ਪਿਛਲੇ ਸਾਲ 27 ਅਗੱਸਤ ਨੂੰ ਇਸ ਮਾਮਲੇ ’ਚ ਛਾਪੇਮਾਰੀ ਕੀਤੀ ਸੀ ਅਤੇ ਦਿੱਲੀ ’ਚ ਹਕੀਮਜ਼ਾਦਾ ਅਤੇ ਉਸ ਦੀ ਪਤਨੀ ਦੇ ਨਾਂ ’ਤੇ ਕੁੱਝ ਗੁਪਤ ਬੈਂਕ ਲਾਕਰ ਬਰਾਮਦ ਕੀਤੇ ਸਨ। ਇਨ੍ਹਾਂ ਲਾਕਰਾਂ ’ਚ 1.06 ਕਿਲੋਗ੍ਰਾਮ ਸੋਨਾ ਅਤੇ 370 ਗ੍ਰਾਮ ਹੀਰੇ ਦੇ ਗਹਿਣੇ ਸਨ, ਜਿਨ੍ਹਾਂ ਨੂੰ ਈ.ਡੀ. ਨੇ ਜ਼ਬਤ ਕੀਤਾ ਸੀ। 
ਹਕੀਮਜ਼ਾਦਾ ਵਿਰੁਧ ਮਨੀ ਲਾਂਡਰਿੰਗ ਦਾ ਮਾਮਲਾ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਅਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨ.ਡੀ.ਪੀ.ਐਸ.) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਐਫ.ਆਈ.ਆਰ. ਤੋਂ ਪੈਦਾ ਹੋਇਆ ਹੈ।