ਗੈਂਗਸਟਰ ਟਿੱਲੂ ਦੇ ਕਤਲ ਤੋਂ ਬਾਅਦ ਹਰਿਆਣਾ ਦੀਆਂ ਜੇਲ੍ਹਾਂ 'ਚ ਵਧਾਈ ਚੌਕਸੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੈਦੀਆਂ ਨੂੰ ਹੁਣ ਨਹੀਂ ਮਿਲਣਗੇ ਚਮਚੇ; ਸਖ਼ਤ ਸੁਰੱਖਿਆ 'ਚ ਬਵਾਨਾ, ਜਠੇੜੀ ਸਮੇਤ 30 ਬਦਮਾਸ਼  

Representational Image

ਨਵੀਂ ਦਿੱਲੀ : ਦਿੱਲੀ ਦੀ ਤਿਹਾੜ ਜੇਲ 'ਚ ਗੋਲੀਬਾਰੀ ਦੇ ਦੋਸ਼ੀ ਸੁਨੀਲ ਬਲਿਆਨ ਉਰਫ਼ ਟਿੱਲੂ ਤਾਜਪੁਰੀਆ ਦੇ ਕਤਲ ਤੋਂ ਬਾਅਦ ਹਰਿਆਣਾ ਦੀਆਂ ਜੇਲਾਂ 'ਚ ਚੌਕਸੀ ਵਧਾ ਦਿਤੀ ਗਈ ਹੈ। ਸੂਬੇ ਦੀਆਂ 20 ਜੇਲਾਂ 'ਚ ਸੁਰੱਖਿਆ ਪ੍ਰਬੰਧ ਪੁਸ਼ਤਾਂ ਕਰ ਦਿਤੇ ਗਏ ਹਨ। ਨਾਲ ਹੀ ਜੇਲ 'ਚ ਕਟਲਰੀ 'ਤੇ ਵੀ ਪਾਬੰਦੀ ਲਗਾ ਦਿਤੀ ਗਈ ਹੈ।

ਜੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਜਪੁਰੀਆ 'ਤੇ ਘੱਟੋ-ਘੱਟ 100 ਵਾਰ ਹਮਲਾ ਕਰਨ ਵਾਲੇ ਚਾਰ ਕੈਦੀਆਂ ਨੇ ਸਟੀਲ ਦੇ ਚਮਚਿਆਂ ਦੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਸੀ। ਇਸ ਵਾਰਦਾਤ ਤੋਂ ਬਾਅਦ ਹੁਣ ਜੇਲ ਵਿਚ ਚਮਚ ਆਦਿ ਨੂੰ ਲੈ ਕੇ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਹਰਿਆਣਾ ਦੀਆਂ 6 ਜੇਲਾਂ ਵਿਚ ਹੋਰ ਖ਼ਤਰਾ ਹੈ। ਇਨ੍ਹਾਂ ਵਿਚ ਭੋਂਡਸੀ, ਫਰੀਦਾਬਾਦ, ਨੂਹ, ਰੋਹਤਕ, ਪਾਣੀਪਤ ਅਤੇ ਸੋਨੀਪਤ ਜੇਲਾਂ ਸ਼ਾਮਲ ਹਨ। ਇਨ੍ਹਾਂ ਜੇਲਾਂ ਦੀ ਸੁਰੱਖਿਆ ਅਤੇ ਚੌਕਸੀ ਹੋਰ ਜੇਲਾਂ ਦੇ ਮੁਕਾਬਲੇ ਵਧਾ ਦਿਤੀ ਗਈ ਹੈ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਜੇਲਾਂ ਵਿਚ ਵਿਰੋਧੀ ਗਿਰੋਹਾਂ ਵਿਚਕਾਰ ਪਿਛਲੇ ਸਮੇਂ ਦੌਰਾਨ ਬਹੁਤ ਜ਼ਿਆਦਾ ਲੜਾਈ-ਝਗੜੇ ਸ਼ਾਮਲ ਰਹੇ ਹਨ।

ਇਹ ਵੀ ਪੜ੍ਹੋ:  ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਅਤੇ ਕਤਲ ਦੇ ਮਾਮਲੇ 'ਚ ਹੋਈ ਕਰੀਬ 20 ਸਾਲ ਦੀ ਸਜ਼ਾ 

ਭੋਂਡਸੀ ਜੇਲ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਕੰਪਲੈਕਸ ਦੇ ਅੰਦਰ ਅਤੇ ਆਲੇ-ਦੁਆਲੇ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ ਕਿਉਂਕਿ ਭੋਂਡਸੀ ਵਿਖੇ ਸੈਲਾਨੀਆਂ ਦੀ ਗਿਣਤੀ ਵਧ ਰਹੀ ਹੈ। ਜਾਣਕਾਰੀ ਅਨੁਸਾਰ ਇਸ ਵਿਚ 700 ਦੋਸ਼ੀ ਸਮੇਤ 2,900 ਕੈਦੀ ਹਨ।

ਹਰਿਆਣਾ ਜੇਲ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਗੈਂਗਸਟਰ ਨੀਰਜ ਬਵਾਨਾ, ਲਾਰੈਂਸ, ਕਾਲਾ ਜਠੇੜੀ, ਕੌਸ਼ਲ, ਅਮਿਤ ਡਾਗਰ, ਅਮਿਤ ਕਾਲੂ, ਵਿਕਰਮ ਪਾਪਲਾ ਗੁਰਜਰ, ਪ੍ਰਦੀਪ ਕਾਸਨੀ, ਅਜੈ ਜੈਲਦਾਰ, ਟੇਕ ਚੰਦ, ਚੰਦ ਰੇਵਾੜੀ, ਕੌਸ਼ਲ ਅਤੇ ਸੁਬੇ ਸਿੰਘ ਸਮੇਤ ਗਿਰੋਹ ਦੇ ਮੈਂਬਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਕਰੀਬ 30 ਕੈਦੀਆਂ (ਦੋਸ਼ੀ ਅਤੇ ਨਾਲ ਹੀ ਸੁਣਵਾਈ ਅਧੀਨ), ਜਿਨ੍ਹਾਂ 'ਤੇ ਕੱਟੜ ਗੈਂਗਸਟਰ ਜਾਂ ਗੈਂਗ ਦੇ ਮੁੱਖ ਮੈਂਬਰ ਹੋਣ ਦਾ ਸ਼ੱਕ ਹੈ, ਨੂੰ ਉੱਚ ਸੁਰੱਖਿਆ ਘੇਰੇ ਵਿਚ ਤਬਦੀਲ ਕਰ ਦਿਤਾ ਗਿਆ ਹੈ।

ਹਰਿਆਣਾ ਸਰਕਾਰ ਵਲੋਂ ਹਾਈ ਸਕਿਉਰਿਟੀ 'ਚ ਰੱਖੇ ਕੈਦੀਆਂ ਨੂੰ ਵੀਡੀਓ ਕਾਂਫ਼ਰਨਸਿੰਗ, ਮੈਡੀਕਲ ਇਲਾਜ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਕਾਰਨ ਜੇਲ ਵਿਭਾਗ ਵਲੋਂ ਇਨ੍ਹਾਂ ਬਦਨਾਮ ਕੈਦੀਆਂ ਦੀ ਬੇਰੋਕ ਆਵਾਜਾਈ ਅਤੇ ਗੱਲਬਾਤ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਗਈ ਹੈ। ਵੀਡੀਉ ਕਾਨਫ਼ਰੰਸਿੰਗ ਰਾਹੀਂ ਕੈਦੀਆਂ ਦੀ ਅਦਾਲਤੀ ਸੁਣਵਾਈ ਦਾ ਪ੍ਰਬੰਧ ਕੀਤਾ ਗਿਆ ਹੈ।

ਉੱਚ ਸੁਰੱਖਿਆ ਘੇਰੇ ਵਿਚ ਕੈਦੀਆਂ ਦੀ ਸੁਰੱਖਿਆ ਲਈ ਸਭ ਤੋਂ ਭਰੋਸੇਮੰਦ ਅਫ਼ਸਰਾਂ ਦੀ ਡਿਊਟੀ ਲਗਾਈ ਗਈ ਹੈ। ਕਿਸੇ ਵੀ ਹੋਰ ਕੈਦੀ ਜਾਂ ਅਫ਼ਸਰ ਲਈ ਘੇਰੇ ਤਕ ਪਹੁੰਚ ਕਰਨ ਦੀ ਸਖ਼ਤ ਮਨਾਹੀ ਹੈ। ਗੇਟ ਦੀ ਸੁਰੱਖਿਆ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ਼.) ਦੇ ਜਵਾਨ ਤਾਇਨਾਤ ਕੀਤੇ ਗਏ ਹਨ, ਉਨ੍ਹਾਂ ਨੂੰ ਹਰ ਆਉਣ ਵਾਲੇ 'ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਦਿਤੀ ਗਈ ਹੈ।

ਇਸ ਦੇ ਨਾਲ ਹੀ ਜੇਲਰਾਂ ਦੀਆਂ ਟੀਮਾਂ ਲਗਾਤਾਰ ਜੇਲ ਬੈਰਕਾਂ ਤਲਾਸ਼ੀ ਲੈ ਰਹੀਆਂ ਹਨ। ਇਸ ਤਲਾਸ਼ੀ ਦੌਰਾਨ ਕੁਝ ਕੈਦੀਆਂ ਨੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਚਮਚਿਆਂ ਤੋਂ ਤੇਜ਼ਧਾਰ ਹਥਿਆਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਬਰਾਮਦ ਹੋਏ ਹਨ। ਇਨ੍ਹਾਂ ਹਥਿਆਰਾਂ ਦੀ ਵਰਤੋਂ ਕੈਦੀਆਂ ਵਿਚਕਾਰ ਲੜਾਈਆਂ ਦੌਰਾਨ ਕੀਤੀ ਜਾਂਦੀ ਸੀ। ਅਜਿਹੇ ਹਥਿਆਰਾਂ ਨੂੰ ਜੇਲ ਦੀ ਚਾਰਦੀਵਾਰੀ ਤੋਂ ਹਟਾਉਣ ਦੇ ਹੁਕਮ ਦਿਤੇ ਗਏ ਹਨ।