ਸ਼ੀਲਾਂਗ ਵਿਚ ਹਾਲਾਤ 'ਚ ਸੁਧਾਰ, ਸੈਲਾਨੀ ਆਉਣ ਲੱਗੇ
ਸਥਾਨਕ ਖਾਸੀ ਲੋਕਾਂ ਅਤੇ ਸਿੱਖਾਂ ਵਿਚਕਾਰ ਹਿੰਸਕ ਝੜਪ ਦੇ ਇਕ ਹਫ਼ਤੇ ਮਗਰੋਂ ਸ਼ੀਲਾਂਗ ਅਤੇ ਹੋਰ ਇਲਾਕਿਆਂ ਵਿਚ ਹਾਲਾਤ ਵਿਚ ਸੁਧਾਰ ਮਗਰੋਂ ਪ੍ਰਸ਼ਾਸਨ ਨੇ...
ਸ਼ੀਲਾਂਗ, ਸਥਾਨਕ ਖਾਸੀ ਲੋਕਾਂ ਅਤੇ ਸਿੱਖਾਂ ਵਿਚਕਾਰ ਹਿੰਸਕ ਝੜਪ ਦੇ ਇਕ ਹਫ਼ਤੇ ਮਗਰੋਂ ਸ਼ੀਲਾਂਗ ਅਤੇ ਹੋਰ ਇਲਾਕਿਆਂ ਵਿਚ ਹਾਲਾਤ ਵਿਚ ਸੁਧਾਰ ਮਗਰੋਂ ਪ੍ਰਸ਼ਾਸਨ ਨੇ ਪਹਿਲੀ ਵਾਰ ਕੁੱਝ ਸਮੇਂ ਲਈ ਕਰਫ਼ੀਊ ਵਿਚ ਢਿੱਲ ਦਿਤੀ। ਝੜਪ ਦੀ ਅੱਜ ਕੋਈ ਖ਼ਬਰ ਨਹੀਂ ਆਈ ਜਿਸ ਕਾਰਨ ਸ਼ੀਲਾਂਗ ਵਿਚ ਸੈਲਾਨੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।
ਈਸਟ ਖਾਸੀ ਜਿਲ਼੍ਹੇ ਦੇ ਕੁਲੈਕਟਰ ਪੀ ਐਸ ਦਖਾਰ ਨੇ ਦਸਿਆ ਕਿ 14 ਸੰਵੇਦਨਸ਼ੀਲ ਇਲਾਕਿਆਂ ਵਿਚ ਸਵੇਰੇ ਪੰਜ ਵਜੇ ਤੋਂ ਦਿਨ ਵਿਚ 12 ਵਜੇ ਤਕ ਕਰਫ਼ੀਊ ਵਿਚ ਢਿੱਲ ਦਿਤੀ ਗਈ। ਇਨ੍ਹਾਂ ਇਲਾਕਿਆਂ ਵਿਚ ਇਕ ਜੂਨ ਤੋਂ ਹੀ ਕਰਫ਼ੀਊ ਲੱਗਾ ਹੈ। ਦਿਨ ਵਿਚ 12 ਵਜੇ ਤੋਂ ਕਲ ਸਵੇਰੇ ਪੰਜ ਜਵੇ ਤਕ ਕਰਫ਼ੀਊ ਫਿਰ ਲਾ ਦਿਤਾ ਗਿਆ। ਸ਼ਹਿਰ ਦੇ ਬਾਕੀ ਇਲਾਕਿਆਂ ਵਿਚ ਕਰਫ਼ੀਊ ਸ਼ਾਮ ਛੇ ਵਜੇ ਤੋਂ ਕਲ ਸਵੇਰੇ ਪੰਜ ਵਜੇ ਤਕ ਲਾਗੂ ਰਹੇਗਾ।
ਰਾਜਪਾਲ ਗੰਗਾ ਪ੍ਰਸਾਦ ਨੇ ਲੋਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਅਜਿਹਾ ਕੰਮ ਨਾ ਕਰੋ ਜਿਸ ਨਾਲ ਰਾਜ ਦੇ ਅਕਸ ਨੂੰ ਧੱਕਾ ਲੱਗੇ। ਉਨ੍ਹਾਂ ਕਿਹਾ ਕਿ ਤਾਜ਼ਾ ਘਟਨਾਵਾਂ ਕਾਰਨ ਸ਼ਾਂਤੀਪਸੰਦ ਲੋਕ ਚਿੰਤਿਤ ਹੋ ਗਏ ਹਨ। ਸੂਤਰਾਂ ਨੇ ਦਸਿਆ ਕਿ ਕਈ ਬਾਜ਼ਾਰ ਖੁਲ੍ਹੇ ਰਹੇ। ਸੈਲਾਨੀਆਂ ਦੀ ਆਮਦ ਨਾਲ ਹੋਟਲ ਵਾਲਿਆਂ ਨੇ ਵੀ ਸੁੱਖ ਦਾ ਸਾਹ ਲਿਆ ਕਿਉਂਕਿ ਭਾਰੀ ਗਿਣਤੀ ਵਿਚ ਸੈਲਾਨੀਆਂ ਨੇ ਬੁਕਿੰਗ ਰੱਦ ਕਰ ਦਿਤੀ ਸੀ। (ਏਜੰਸੀ)