ਰੰਧਾਵਾ ਦੀ ਅਗਵਾਈ ਹੇਠ ਵਫ਼ਦ ਵਲੋਂ ਸ਼ੀਲਾਂਗ ਦਾ ਦੌਰਾ
ਫ਼ੈਲੀਆਂ ਅਫ਼ਵਾਹਾਂ ਤੋਂ ਉਲਟ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਸੋਮਵਾਰ ਨੂੰ ਇਥੇ ਪਹੁੰਚੇ ਪੰਜਾਬ ਸਰਕਾਰ ਦੇ ਵਫ਼ਦ ਨੇ ਕਿਹਾ ਕਿ ....
ਸ਼ੀਲਾਂਗ, ਫ਼ੈਲੀਆਂ ਅਫ਼ਵਾਹਾਂ ਤੋਂ ਉਲਟ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਸੋਮਵਾਰ ਨੂੰ ਇਥੇ ਪਹੁੰਚੇ ਪੰਜਾਬ ਸਰਕਾਰ ਦੇ ਵਫ਼ਦ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੀਲਾਂਗ ਦੇ ਕਿਸੇ ਵੀ ਗੁਰਦੁਆਰੇ 'ਤੇ ਕਿਸੇ ਵੀ ਹਮਲੇ ਜਾਂ ਨੁਕਸਾਨ ਦਾ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਥੇ ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਹੈ।
ਮੇਘਾਲਿਆ ਸਰਕਾਰ ਵਲੋਂ ਸਥਿਤੀ ਨਾਲ ਨਜਿੱਠਣ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹੋਏ ਵਫ਼ਦ ਨੇ ਕਿਹਾ ਕਿ ਭਾਵੇਂ ਕੁੱਝ ਜਾਇਦਾਦਾਂ ਨੂੰ ਨੁਕਸਾਨ ਹੋਇਆ ਹੈ ਪਰ ਹਾਲ ਹੀ ਵਿਚ ਹੋਈ ਹਿੰਸਾ 'ਚ ਕਿਸੇ ਵੀ ਗੁਰਦੁਆਰਾ 'ਤੇ ਹਮਲਾ ਜਾਂ ਨੁਕਸਾਨ ਨਹੀਂ ਹੋਇਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਸ਼ਿਲਾਂਗ ਪਹੁੰਚੇ ਵਫ਼ਦ ਨੇ ਮੇਘਾਲਿਆ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਕਰਫ਼ਿਊ ਵਾਲੇ ਖੇਤਰਾਂ 'ਚ ਉਨ੍ਹਾਂ ਦੇ ਦੌਰੇ ਲਈ ਸਹੂਲਤ ਮੁਹਈਆ ਕਰਵਾਈ।
ਇਹ ਵਫ਼ਦ ਇਨ੍ਹਾਂ ਖੇਤਰਾਂ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਮਿਲਿਆ ਅਤੇ ਇਸ ਨੂੰ ਪਿਛਲੇ ਹਫ਼ਤੇ ਹੋਈਆਂ ਹਿੰਸਕ ਝੜਪਾਂ ਵਿਚ ਜਾਇਦਾਦ ਦੇ ਝਗੜੇ ਦੀ ਕੋਈ ਸਮੱਸਿਆ ਨਜ਼ਰ ਨਹੀ ਆਈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਭਾਵਿਤ ਇਲਾਕਿਆਂ ਵਿਚ ਤਕਰੀਬਨ ਤਿੰਨ ਘੰਟੇ ਬਿਤਾਏ ਅਤੇ ਉੱਥੇ ਰਹਿੰਦੇ ਸਿੱਖਾਂ ਦੀ ਸੁਰੱਖਿਆ ਦੇ ਲਈ ਉਨ੍ਹਾਂ ਨੂੰ ਭਰੋਸਾ ਦਿਵਾਇਆ।
ਇਕ ਨਿਰਮਾਣ ਅਧੀਨ ਸਕੂਲ ਦੀ ਇਮਾਰਤ ਨੂੰ ਨੁਕਸਾਨ ਹੋਇਆ ਸੀ ਜਦਕਿ ਇਸ ਇਮਾਰਤ ਦੇ ਸੰਦਰਭ ਵਿਚ ਇਕ ਗੁਰਦੁਆਰੇ ਨੂੰ ਨੁਕਸਾਨ ਪਹੁੰਚਾਉਣ ਦੀਆਂ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਰੰਧਾਵਾ ਦੀ ਅਗਵਾਈ ਵਿਚ ਵਫ਼ਦ ਵਲੋਂ ਪ੍ਰਗਟ ਕੀਤੀ ਗਈ ਚਿੰਤਾ ਦੇ ਜਵਾਬ ਵਿਚ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਇਸ ਪ੍ਰਾਪਰਟੀ ਦੇ ਕੇਸ ਦੀ ਜਾਂਚ ਅਤੇ ਹੱਲ ਕਰਨ ਲਈ ਇਕ ਕੈਬਨਿਟ ਸਬ-ਕਮੇਟੀ ਕਾਇਮ ਕਰ ਦਿਤੀ ਹੈ। ਰੰਧਾਵਾ ਨੇ ਦਸਿਆ ਕਿ ਸੰਗਮਾ ਨੇ ਤਣਾਅ ਨੂੰ ਘਟਾਉਣ ਲਈ ਇਕ ਸਰਬ ਪਾਰਟੀ ਮੀਟਿੰਗ ਵੀ ਬੁਲਾਈ ਹੈ।
ਮੇਘਾਲਿਆ ਦੇ ਮੁੱਖ ਮੰਤਰੀ ਤੋਂ ਇਲਾਵਾ ਵਫ਼ਦ ਜ਼ਮੀਨੀ ਸਥਿਤੀ ਦਾ ਪਤਾ ਲਾਉਣ ਲਈ ਉਪ ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਡੀ.ਜੀ.ਪੀ ਨੂੰ ਵੀ ਮਿਲਿਆ ਅਤੇ ਤਣਾਅ 'ਤੇ ਕਾਬੂ ਪਾਉਣ ਲਈ ਸੂਬਾ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਦਾ ਜਾਇਜ਼ਾ ਲਿਆ।
ਮੇਘਾਲਿਆ ਦੇ ਮੁੱਖ ਮੰਤਰੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਸਥਿਤੀ ਬਾਰੇ ਜਾਣੂ ਕਰਵਾਉਣਗੇ ਅਤੇ ਸਿੱਖ ਭਾਈਚਾਰੇ ਲਈ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਿੱਜੀ ਤੌਰ 'ਤੇ ਇਸ 'ਤੇ ਨਿਗਰਾਨੀ ਰੱਖਣਗੇ। ਕੈਬਿਨੇਟ ਮੰਤਰੀ ਦੇ ਨਾਲ ਵਫਦ ਵਿੱਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਾਲਾ, ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਡੀ.ਐਸ. ਮਾਂਗਟ (ਆਈਏਐਸ) ਵੀ ਸ਼ਿਲਾਂਗ ਗਏ ਹੋਏ ਹਨ।