ਕਿਸਾਨੀ ਕਰਜ਼ ਸਬੰਧੀ ਫ਼ਾਈਲਾਂ ਨੂੰ ਕਦੇ ਕਿਉਂ ਨਹੀਂ ਲੱਗੀ ਅੱਗ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇਤਾ ਪਵਨ ਖੇੜਾ ਨੇ ਆਈ.ਸੀ.ਆਈ.ਸੀ.ਆਈ. ਬੈਂਕ ਘੋਟਾਲੇ ਅਤੇ ਨੀਰਵ ਮੋਦੀ ਦੀਆਂ ਫ਼ਾਈਲਾਂ ਨੂੰ ਲੱਗੀ ਅੱਗ ਸਬੰਧੀ ਮੋਦੀ ਸਰਕਾਰ 'ਤੇ ਜੰਮ ਕੇ ਹਮਲਾ ਕੀਤਾ.....

Pawan Khera

ਨਵੀਂ ਦਿੱਲੀ,  : ਕਾਂਗਰਸ ਨੇਤਾ ਪਵਨ ਖੇੜਾ ਨੇ ਆਈ.ਸੀ.ਆਈ.ਸੀ.ਆਈ. ਬੈਂਕ ਘੋਟਾਲੇ ਅਤੇ ਨੀਰਵ ਮੋਦੀ ਦੀਆਂ ਫ਼ਾਈਲਾਂ ਨੂੰ ਲੱਗੀ ਅੱਗ ਸਬੰਧੀ ਮੋਦੀ ਸਰਕਾਰ 'ਤੇ ਜੰਮ ਕੇ ਹਮਲਾ ਕੀਤਾ।  

ਉਨ੍ਹਾਂ ਕਿਹਾ ਕਿ ਆਰ.ਬੀ.ਆਈ. ਨੇ ਕਿਹਾ ਕਿ ਪਿਛਲੇ 4 ਸਾਲਾਂ 'ਚ 23 ਹਜ਼ਾਰ ਬੈਂਕ ਲੋਨ ਘੋਟਾਲੇ ਹੋਏ ਹਨ ਅਤੇ ਇਕ ਲੱਖ ਕਰੋੜ ਗ਼ਾਇਬ ਹੋਇਆ। ਆਈ. ਸੀ. ਆਈ. ਸੀ. ਆਈ. ਬੈਂਕ ਨੇ ਅਜਿਹੀਆਂ ਕੰਪਨੀਆਂ 'ਚ 325 ਕਰੋੜ ਰੁਪਏ ਨਿਵੇਸ਼ ਕੀਤੇ, ਜਿਸ 'ਤੇ ਐਨ.ਪੀ.ਏ. ਸੀ। ਆਈ.ਸੀ.ਆਈ.ਸੀ.ਆਈ. ਬੈਂਕ ਦਾ ਮਾਮਲਾ ਖ਼ੂਬ ਉਛਲਿਆ ਪਰ ਸੇਬੀ ਨੇ ਦੇਰੀ ਨਾਲ ਕਾਰਨ ਦੱਸੋ ਨੋਟਿਸ ਦਿਤਾ। ਸਰਕਾਰ ਦਾ ਨੁਮਾਇੰਦਾ ਬੋਰਡ ਆਫ਼ ਡਾਇਰੈਕਟਰ 'ਚ ਬੈਠਦਾ ਹੈ ਅਤੇ ਸਰਕਾਰ ਕਹਿੰਦੀ ਹੈ ਅਸੀਂ ਦਖ਼ਲ ਨਹੀਂ ਦੇਵਾਂਗੇ।

ਉਨ੍ਹਾਂ ਮੋਦੀ ਸਰਕਾਰ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਸਰਕਾਰ ਦਖ਼ਲ ਨਹੀਂ ਦੇਵੇਗੀ ਤਾਂ ਨਿਵੇਸ਼ਕਾਂ ਦੀ ਰਖਿਆ ਕੌਣ ਕਰੇਗਾ? ਤਮਾਮ ਬੈਂਕਾਂ 'ਤੇ 4 ਆਡਿਟ ਹੁੰਦੇ ਹਨ, ਫਿਰ ਵੀ ਸਰਕਾਰ ਅੱਖਾਂ ਬੰਦ ਕਰ ਰਹੀ ਹੈ। ਕਿਸਾਨਾਂ ਦੀਆਂ ਫ਼ਾਈਲਾਂ ਨੂੰ ਕਦੇ ਅੱਗ ਕਿਉਂ ਨਹੀਂ ਲਗਦੀ ਪਰ ਮੋਦੀ ਦੇ ਦੋਸਤਾਂ ਦੀਆਂ ਫ਼ਾਈਲਾਂ ਨੂੰ ਅੱਗ ਲੱਗ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ 'ਚ ਐਨ.ਪੀ.ਏ. 230 ਫ਼ੀ ਸਦੀ ਵਧੇ। ਚਾਰ ਸਾਲ ਪਹਿਲਾਂ ਇਹ ਦੋ ਲੱਖ 51 ਹਜ਼ਾਰ ਕਰੋੜ ਰੁਪਏ ਸੀ ਜੋ ਦਸੰਬਰ 2017 'ਚ ਵਧ ਕੇ ਅੱਠ ਲੱਖ 31 ਹਜ਼ਾਰ 141 ਕਰੋੜ ਹੋ ਗਿਆ।

ਚਾਰ ਸਾਲਾਂ 'ਚ 5.8 ਲੱਖ ਕਰੋੜ ਦਾ ਵਾਧਾ ਹੋਇਆ। ਜ਼ਿਕਰਯੋਗ ਹੈ ਕਿ ਅੰਕੜੇ ਲੋਕਸਭਾ 'ਚ ਸਰਕਾਰ ਵਲੋਂ ਦਿਤੇ ਗਏ ਜਵਾਬ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ 4 ਸਾਲਾਂ 'ਚ ਬੈਂਕ ਲੋਨ 317 ਫ਼ੀ ਸਦੀ ਵਧੇ ਹਨ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਇਹ ਜਾਂ ਤਾਂ ਨੀਤੀਆਂ ਕਾਰਨ ਹੈ ਜਾਂ ਫਿਰ ਮਿਲੀਭੁਗਤ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਕਾਰਜਕਾਰੀ ਵਿੱਤ ਮੰਤਰੀ ਨਿੱਜੀ ਖੇਤਰ ਦੇ ਬੈਂਕਾਂ ਦੇ ਸੀ.ਈ.ਓ. ਤੋਂ ਪੁਛਣਗੇ ਕਿ ਕੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਹੀ ਬੈਂਕਾਂ ਤੋਂ ਲੋਨ ਲਿਆ ਹੋਇਆ ਹੈ। ਜਿਵੇਂ ਛੋਟਾ ਮੋਦੀ ਭੱਜ ਗਿਆ, ਕੀ ਉਸੇ ਤਰ੍ਹਾਂ ਇਸ ਘੋਟਾਲੇ ਦੇ ਦੋਸ਼ੀਆਂ ਨੂੰ ਵੀ ਇਸ਼ਾਰਾ ਕੀਤਾ ਜਾ ਰਿਹਾ ਹੈ? 


ਖੇੜਾ ਨੇ ਕਿਹਾ ਕਿ ਲੋਕਾਂ ਨੇ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸ਼ਿਕਾਇਤ ਕੀਤੀ, ਮੀਡੀਆ ਰੀਪੋਰਟਾਂ ਛਪੀਆਂ ਪਰ ਉਸ ਦਾ ਕੀ ਹੋਇਆ? ਕੀ ਤੁਸੀਂ ਅਪਣੀ ਜ਼ਿੰਮੇਵਾਰੀ ਤੋਂ ਭੱਜ ਸਕਦੇ ਹੋ? ਤੁਹਾਡਾ ਏਜੰਡਾ ਕੀ ਸੀ? ਖਾਣ ਦਿਉਂ ਅਤੇ ਭੱਜ ਜਾਣ ਦਿਉਂ? ਇਸ ਦਾ ਜਵਾਬ 2019 'ਚ ਮਿਲੇਗਾ। (ਏਜੰਸੀ)